ਤਰਨਤਾਰਨ: ਜਿਲ੍ਹੇ ਦੇ ਪਿੰਡ ਅੱਲੋਵਾਲ 16 ਸਾਲ ਦੇ ਲੜਕੇ ਦੀ ਨਸ਼ੇ ਕਾਰਨ ਹੋਈ ਮੌਤ ਤੋਂ ਬਾਅਦ ਪੁਲਿਸ ਨੇ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਪਾਸੋਂ ਪੁਲਿਸ ਨੂੰ ਹੈਰੋਇਨ ਵੀ ਬਰਾਮਦ ਹੋਈ ਹੈ। ਪੁਲਿਸ ਨੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਬਾਲਿਗ ਲੜਕਾ ਏਕਲਗੱਡਾ ਅਤੇ ਪਿੰਡ ਧਾਹ ਲਾਗੇ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਸੀ।
ਜਾਣਕਾਰੀ ਮੁਤਾਬਿਕ 16 ਸਾਲ ਦਾ ਅਰਨਪ੍ਰੀਤ ਸਿੰਘ ਨੌਵੀ ਜਮਾਤ ਦਾ ਵਿਦਿਆਰਥੀ ਸੀ। ਅਰਨਪ੍ਰੀਤ ਸਿੰਘ ਇਕਲੌਤਾ ਲੜਕਾ ਸੀ। 16 ਜਨਵਰੀ ਨੂੰ ਸ਼ਾਮੀ 6 ਵਜੇ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਅਰਨਪ੍ਰੀਤ ਏਕਲਗੱਡਾ ਅਤੇ ਪਿੰਡ ਧਾਹ ਲਾਗੇ ਬੇਹੋਸ਼ ਪਿਆ ਹੈ। ਇਸ ਤੋਂ ਬਾਅਦ ਪਤਾ ਲੱਗਿਆ ਸੀ ਕਿ ਨਸ਼ੇ ਦੀ ਓਵਰਡੋਜ ਕਾਰਨ ਇਸ ਲੜਕੇ ਦੀ ਮੌਤ ਹੋਈ ਹੈ। ਪੁਲਿਸ ਨੇ 17 ਜਨਵਰੀ ਨੂੰ ਮਾਮਲਾ ਦਰਜ ਕਰਕੇ ਜਾਂਚ ਅਰੰਭੀ ਸੀ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਤਫਤੀਸ਼ ਦੌਰਾਨ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਪ੍ਰਤਾਪ ਸਿੰਘ ਪੁੱਤਰ ਸ਼ਰਨਜੀਤ ਸਿੰਘ ਵਾਸੀ ਮੀਆਵਿੰਡ ਅਤੇ ਲਵਪ੍ਰੀਤ ਸਿੰਘ ਉਰਫ ਸੋਨੂੰ ਪੁੱਤਰ ਬਲਵਿੰਦਰ ਸਿੰਘ ਵਾਸੀ ਧਾਰੜ ਦੇ ਰੂਪ ਵਿੱਚ ਹੋਈ ਹੈ। ਮੁਲਜ਼ਮਾਂ ਪਾਸੋਂ 10 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ: ਲੁਟੇਰੇ ਬੇਖੌਫ ! ਦਿਨ ਦਿਹਾੜੇ ਬਜ਼ੁਰਗ ਦੇ ਕੰਨਾਂ ’ਚੋਂ ਝਪਟੀਆਂ ਵਾਲੀਆਂ, ਦੇਖੋ CCTV
ਪੁਲਿਸ ਮੁਤਾਬਿਕ ਮੁਲਜ਼ਮ ਪ੍ਰਤਾਪ ਸਿੰਘ ਘਟਨਾ ਵਾਲੇ ਦਿਨ ਮ੍ਰਿਤਕ ਅਰਨਪ੍ਰੀਤ ਸਿੰਘ ਦੇ ਨਾਲ ਸੀ ਤੇ ਉਸਨੇ ਹੀ ਅਰਨਪ੍ਰੀਤ ਸਿੰਘ ਨੂੰ ਨਸ਼ੇ ਦਾ ਟੀਕਾ ਲਗਾਇਆ ਸੀ, ਇਸ ਤੋਂ ਬਾਅਦ ਅਰਨਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ। ਇਹ ਨਸ਼ਾ ਮ੍ਰਿਤਕ ਅਰਨਪ੍ਰੀਤ ਸਿੰਘ ਅਤੇ ਪ੍ਰਤਾਪ ਸਿੰਘ ਉਸ ਦਿਨ ਲਵਪ੍ਰੀਤ ਸਿੰਘ ਪਾਸੋਂ ਲੈ ਕੇ ਆਏ ਸਨ। ਮੁਲਜ਼ਮ ਪ੍ਰਤਾਪ ਸਿੰਘ ਅਤੇ ਲਵਪ੍ਰੀਤ ਸਿੰਘ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਨ੍ਹਾਂ ਦੇ ਸੰਪਰਕ ਵਿੱਚ ਹੋਰ ਕੌਣ ਕੌਣ ਲੋਕ ਹਨ। ਦੂਜੇ ਪਾਸੇ ਨਾਬਾਲਿਗ ਦੀ ਨਸ਼ੇ ਨਾਲ ਮੌਤ ਤੋਂ ਬਾਅਦ ਵੀ ਇਲਾਕੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ।