ਤਰਨ ਤਾਰਨ: ਇੱਥੋਂ ਦੇ ਪਿੰਡ ਗੰਡੀਵਿੰਡ 'ਚ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ 7 ਸਾਲਾ ਬੱਚੀ ਨੂੰ ਅਗਵਾ ਕਰ ਉਸ ਦਾ ਕਤਲ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਦੋਸ਼ੀ ਨੂੰ ਕਾਬੂ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਪਿੰਡ ਦੇ ਸ਼ਵਿੰਦਰ ਸਿੰਘ ਨੇ ਉਕਤ ਲੜਕੀ ਨਾਲ ਬਲਾਤਕਾਰ ਕਰਨ ਦੇ ਮਕਸਦ ਨਾਲ ਉਸ ਨੂੰ ਅਗਵਾਹ ਕੀਤਾ ਸੀ, ਜਿਸ ਵਿੱਚ ਉਹ ਨਾਕਾਮ ਰਿਹਾ। ਇਸ ਮਗਰੋਂ ਦੋਸ਼ੀ ਨੇ ਕੁੜੀ ਦਾ ਕਤਲ ਕਰ ਦਿੱਤਾ ਅਤੇ ਇੱਕ ਖਾਲੀ ਘਰ ਵਿੱਚ ਉਸ ਦੀ ਲਾਸ਼ ਸੁੱਟ ਕੇ ਚਲਾ ਗਿਆ।
ਡੀਐਸਪੀ ਨੇ ਦੱਸਿਆ ਕਿ ਦੋਸ਼ੀ ਨੇ ਆਪਣਾ ਦੋਸ਼ ਕਬੂਲ ਲਿਆ ਹੈ ਅਤੇ ਉਸ 'ਤੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦੋਸ਼ੀ ਸ਼ਵਿੰਦਰ ਸਿੰਘ ਨੇ ਸਾਲ 2017 ਵਿੱਚ ਆਪਣੀ ਪਤਨੀ ਦਾ ਕਤਲ ਕੀਤਾ ਸੀ, ਪਰ ਉਸ ਮਾਮਲੇ ਵਿੱਚੋਂ ਉਹ ਬਰੀ ਹੋ ਗਿਆ ਸੀ।
ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਦੀ ਬੱਚੀ ਘਰ ਦੇ ਨੇੜੇ ਹੀ ਨਹਾਉਣ ਗਈ ਸੀ। ਕਾਫ਼ੀ ਸਮੇਂ ਬਾਅਦ ਜਦੋਂ ਉਹ ਵਾਪਸ ਨਾ ਪਰਤੀ ਤਾਂ ਭਾਲ ਕਰਨ ਮਗਰੋਂ ਉਸ ਦੀ ਮ੍ਰਿਤਕ ਦੇਹ ਘਰ ਦੇ ਨੇੜੇ ਹੀ ਇੱਕ ਬੰਦ ਪਏ ਮਕਾਨ ਵਿੱਚ ਮਿਲੀ। ਜਿਸ ਮਗਰੋਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।