ਪੱਟੀ: ਸ਼ਹਿਰ ਵਿੱਚ ਇੱਕ ਕੋਰੀਅਰ ਕੰਪਨੀ ਦੇ ਕਰਿੰਦੇ ਕੋਲੋਂ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ 4 ਲੱਖ 98 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਹੈ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਕਰਿੰਦੇ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਛਾਣਬੀਣ ਆਰੰਭ ਦਿੱਤੀ ਹੈ।
ਸਰਹਾਲੀ ਰੋਡ 'ਤੇ ਸਥਿਤ ਦਿੱਲੀ ਦੀ ਕੋਰੀਅਰ ਕੰਪਨੀ ਈਕੋਮ ਐਕਸਪ੍ਰੈਸ ਵਿੱਚ ਸੁਪਰਵਾਈਜ਼ਰ ਗੁਰਜੰਟ ਸਿੰਘ ਨੇ ਦੱਸਿਆ ਕਿ ਲੁੱਟ ਦੁਪਹਿਰ 12 ਵਜੇ ਦੇ ਕਰੀਬ ਹੋਈ, ਜਦੋਂ ਉਹ ਇਕੱਲਾ ਸੀ। ਦਫ਼ਤਰ ਦਾ ਸਟਾਫ਼ ਉਸ ਸਮੇਂ ਕੋਰੀਅਰ ਦੇਣ ਗਿਆ ਸੀ।
ਇਸ ਦੌਰਾਨ ਦਫ਼ਤਰ ਦੇ ਬਾਹਰ ਇੱਕ ਸਪਲੈਂਡਰ ਮੋਟਰਸਾਈਕਲ 'ਤੇ ਦੋ ਨੌਜਵਾਨ ਆਏ, ਜਿਨ੍ਹਾਂ ਵਿੱਚੋਂ ਇੱਕ ਨੇ ਦਫ਼ਤਰ 'ਚ ਆ ਕੇ ਆਪਣੇ ਕੋਰੀਅਰ ਬਾਰੇ ਪੁੱਛਿਆ। ਕੋਰੀਅਰ ਬਾਰੇ ਦੱਸਣ ਲੱਗਿਆ ਹੀ ਸੀ ਕਿ ਕਥਿਤ ਦੋਸ਼ੀ ਨੇ ਪਿਸਤੌਲ ਕੱਢ ਕੇ ਉਸ ਵੱਲ ਕਰ ਦਿੱਤੀ ਤੇ ਥੱਪੜ ਮਾਰਦੇ ਹੋਏ ਉਸ ਕੋਲੋਂ ਪੈਸਿਆਂ ਦੀ ਮੰਗ ਕਰਨ ਲੱਗਿਆ ਤਾਂ ਉਸਦੀ ਜੇਬ ਵਿੱਚ 1500 ਰੁਪਏ ਸਨ, ਜੋ ਕੱਢ ਕੇ ਦੇ ਦਿੱਤੇ। ਫਿਰ ਕਥਿਤ ਦੋਸ਼ੀ ਫਰੋਲਾ-ਫਰਾਲੀ ਕਰਨ ਲੱਗਾ ਕਿ ਅਚਾਨਕ ਉਸਦਾ ਹੱਥ ਮੇਜ਼ ਦੇ ਦਰਾਜ ਵੱਲ ਪੈ ਗਿਆ, ਜਿਸ ਵਿੱਚ ਉਕਤ 4 ਲੱਖ 98 ਹਜ਼ਾਰ ਦੀ ਰਕਮ ਪਈ ਸੀ, ਜੋ ਕਥਿਤ ਦੋਸ਼ੀ ਕੱਢ ਕੇ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ।
ਗੁਰਜੰਟ ਸਿੰਘ ਨੇ ਦੱਸਿਆ ਕਿ ਇਹ ਰਕਮ ਕੁੱਝ ਦਿਨਾਂ ਦੀ ਜਮ੍ਹਾਂ ਕਰਵਾਉਣ ਵਾਲੀ ਪਈ ਸੀ, ਜਿਸ ਨੂੰ ਉਸ ਨੇ ਗਿਣ ਕੇ ਦਰਾਜ ਵਿੱਚ ਰੱਖਿਆ ਸੀ।
ਥਾਣਾ ਮੁਖੀ ਪੱਟੀ ਅਜੈ ਕੁਮਾਰ ਨੇ ਦੱਸਿਆ ਕੋਰੀਅਰ ਕੰਪਨੀ ਦੇ ਕਰਿੰਦੇ ਕੋਲੋਂ ਪਿਸਤੌਲ ਦੀ ਨੋਕ 'ਤੇ 4 ਲੱਖ 96 ਹਜ਼ਾਰ ਅਤੇ 1550 ਰੁਪਏ ਦੀ ਲੁੱਟ ਹੋਈ ਹੈ। ਦੋਵੇਂ ਨੌਜਵਾਨ ਮੋਨੇ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।