ਤਰਨ ਤਾਰਨ: ਪਿੰਡ ਪੰਡੋਰੀ ਰੋਮਾਣਾ ਦੇ 20 ਸਾਲਾ ਪੰਜਾਬੀ ਨੌਜਵਾਨ ਪ੍ਰਭਨੂਰ ਸਿੰਘ ਦੀ ਇੰਗਲੈਂਡ ਵਿੱਚ ਮੌਤ ਹੋ ਗਈ ਹੈ। ਪ੍ਰਭਨੂਰ ਸਿੰਘ 20 ਫਰਵਰੀ ਨੂੰ ਇੰਗਲੈਂਡ ਗਿਆ ਸੀ ਅਤੇ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਦੱਸਿਆ ਜਾ ਰਿਹਾ ਹੈ ਕਿ ਪ੍ਰਭਨੂਰ ਨੇ ਖੁਦਕੁਸ਼ੀ ਕੀਤੀ ਹੈ।
ਮ੍ਰਿਤਕ ਦੇ ਪਿਤਾ ਅਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੁੰਡਾ ਪੜ੍ਹਾਈ ਵਿੱਚ ਹੋਣਹਾਰ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਵਿਦੇਸ਼ ਜਾਣਾ ਚਾਹੁੰਦਾ ਸੀ। ਜਿਸ ਦੇ ਲਈ ਉਨ੍ਹਾਂ ਨੇ ਆਪਣੀ ਡੇਢ ਏਕੜ ਜ਼ਮੀਨ ਵੇਚ ਕੇ ਉਸ ਨੂੰ ਵਿਦੇਸ਼ ਭੇਜਿਆ। ਉਨ੍ਹਾਂ ਕਿਹਾ ਕਿ ਪ੍ਰਭਨੂਰ ਨੂੰ ਵਿਦੇਸ਼ ਕਰੀਬ 25 ਦਿਨ ਪਹਿਲਾਂ ਇੰਗਲੈਂਡ ਭੇਜਿਆ ਸੀ ਜਿਥੇ ਉਸ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ।
ਮ੍ਰਿਤਕ ਦੀ ਭੈਣ ਨੇ ਕਿਹਾ ਕਿ ਉਹ ਚਾਰ ਭੈਣਾਂ ਦਾ ਇੱਕਲੌਤਾ ਭਰਾ ਸੀ ਅਤੇ ਉਸ ਦੇ ਆਈਲੈਸਟ ਵਿੱਚ 9 ਬੈਂਡ ਆਉਣ ਉੱਤੇ ਉਨ੍ਹਾਂ ਖਰਚਾ ਕਰ ਉਸ ਨੂੰ ਇੰਗਲੈਂਡ ਭੇਜ ਦਿੱਤਾ। ਜਿਥੇ ਉਸ ਨੂੰ ਕੁਝ ਦਿਨ ਪਹਿਲਾਂ ਨੌਕਰੀ ਮਿਲਣ ਕਰਕੇ ਉਸ ਦੇ ਨਾਲ ਰਹਿ ਰਹੇ ਲੜਕੇ ਉਸ ਨਾਲ ਝਗੜਾ ਕਰਦੇ ਸਨ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਹੀ ਉਸ ਨੂੰ ਮਾਰ ਦਿੱਤਾ ਹੈ।
ਉਨ੍ਹਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਭਰਾ ਦੀ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਮੰਗਾਇਆ ਜਾਵੇ ਤਾਂ ਜੋ ਉਹ ਖੁਦ ਉਸਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ।