ਤਰਨ ਤਾਰਨ : ਬੀਤੇ ਦਿਨੀਂ ਪਿੰਡ ਪਹੂਵਿੰਡ ਸਾਹਿਬ ਵਿਖੇ ਇੱਕ ਨਗਰ ਕੀਰਤਨ ਦੌਰਾਨ ਪਟਾਕਿਆਂ 'ਚ ਹੋਏ ਧਮਾਕੇ ਕਾਰਨ ਵਾਪਰੇ ਦਰਦਨਾਕ ਹਾਦਸੇ ਵਿੱਚ ਜ਼ਖ਼ਮੀ ਹੋਏ 14 ਵਰ੍ਹਿਆਂ ਦੇ ਹਰਮਨ ਸਿੰਘ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਤੋਂ ਪਹਿਲਾਂ ਦਰਦਨਾਕ ਹਾਦਸੇ ਵਿੱਚ 3 ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਹਰਮਨ ਦੀ ਮੌਤ ਤੋਂ ਬਾਅਦ ਇੱਕ ਵਾਰ ਮੁੜ ਇਸ ਹਾਦਸੇ ਦੇ ਜ਼ਖ਼ਮ ਤਾਜ਼ਾ ਹੋ ਗਏ ਹਨ। ਜ਼ਖ਼ਮੀ ਹਰਮਨ ਸਿੰਘ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਉਚੇਰੇ ਇਲਾਜ਼ ਲਈ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ ਸੀ। ਪਰ ਇੱਥੇ ਵੀ ਉਸ ਦੀ ਹਾਲਤ ਵਿੱਚ ਕੋਈ ਠੋਸ ਸੁਧਾਨ ਨਾ ਹੋ ਸਕਿਆ। ਅਖ਼ੀਰ ਵਿੱਚ ਹਰਮਨ ਸਿੰਘ ਮੌਤ ਹੱਥੋਂ ਆਪਣੀ ਜ਼ਿੰਦਗੀ ਦੀ ਜੰਗ ਨੂੰ ਹਾਰ ਗਿਆ।
ਹਰਮਨ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੂਰਾ ਹਾਲ ਹੈ। ਹਰਮਨ ਦੀ ਦਾਦੀ ਨੇ ਵਰਲਾਪ ਕਰਦੇ ਹੋਏ ਕਿਹਾ ਕਿ ਇਸ ਹਾਦਸੇ ਨੇ ਉਨ੍ਹਾਂ ਦੇ ਘਰ ਦਾ ਚਿਰਾਗ ਬੁਝਾ ਦਿੱਤਾ ਹੈ।
ਇਹ ਵੀ ਪੜ੍ਹੋ : ਕਰਤਾਰਪੁਰ 'ਚ ਉਹ ਸਮਰੱਥਾ ਹੈ ਕਿ ਸਵੇਰੇ ਕਿਸੇ ਨੂੰ ਭੇਜੋ, ਸ਼ਾਮ ਤੱਕ ਅੱਤਵਾਦੀ ਬਣਾ ਦਿੱਤਾ ਜਾਵੇਗਾ: ਦਿਨਕਰ ਗੁਪਤਾ
ਹਰਮਨ ਦੇ ਚਾਚਾ ਨੇ ਸਰਵਨ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਸਮਾਗਮਾਂ ਦੌਰਾਨ ਆਤਿਸ਼ਬਾਜ਼ੀ ਕਰਨ ਉੱਤੇ ਰੋਕ ਲਾਉਣੀ ਚਾਹੀਦੀ ਹੈ, ਤਾਂ ਕਿ ਅੱਗੇ ਤੋਂ ਅਜਿਹਾ ਦਰਦਨਾਕ ਹਾਦਸਾ ਨਾ ਵਾਪਰ ਸਕੇ।