ਮੁਕਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪੱਪਾ ਮਰਾੜ ਦੀ ਮੌਤ ਉਪਰੰਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਪਿੰਡ ਸੱਕਾਂਵਾਲੀ ਵਿਖੇ ਸੁਖਬੀਰ ਬਾਦਲ ਪਹੁੰਚੇ।
ਮੁਕਤਸਰ ਸਾਹਿਬ ਦੇ ਦੌਰੇ ਦੌਰਾਨ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ। ਸੁਖਬੀਰ ਬਾਦਲ ਨੇ ਸਿੱਧੇ ਰੂਪ ਵਿੱਚ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਰਲ ਚੁੱਕਿਆ ਹੈ। ਕਾਂਗਰਸ ਦੇ ਵਿਧਾਇਕਾਂ ਵੱਲੋਂ ਦਿੱਲੀ ਵਿੱਚ ਦਿੱਤੇ ਗਏ ਅੱਜ ਦੇ ਧਰਨੇ ਸਬੰਧੀ ਸੁਖਬੀਰ ਬਾਦਲ ਨੇ ਆਖਿਆ ਕਿ ਇਹ ਕਿਹੋ-ਜਿਹਾ ਧਰਨਾ ਕਿ ਸਾਰੇ ਕਾਂਗਰਸੀ ਡੇਢ ਘੰਟੇ ਤੋਂ ਪਹਿਲਾਂ ਹੀ ਵਾਪਸ ਆ ਗਏ।
ਸੁਖਬੀਰ ਨੇ ਆਖਿਆ ਕਿ ਬਤੌਰ ਮੁੱਖ ਮੰਤਰੀ ਵਜੋਂ ਜੇਕਰ ਕੈਪਟਨ ਦਿੱਲੀ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਰਵਾਜ਼ੇ ਮੂਹਰੇ ਧਰਨੇ 'ਤੇ ਬੈਠਦਾ ਹੈ ਤਾਂ ਕਿਸਾਨ ਮਾਰੂ ਕਾਨੂੰਨਾਂ ਦਾ ਮਸਲਾ ਪੂਰੀ ਦੁਨੀਆ ਵਿੱਚ ਗੂੰਜਣ ਲੱਗ ਜਾਵੇਗਾ ਜਿਸ ਨਾਲ ਯੋਗ ਹੱਲ ਦੀ ਉਮੀਦ ਬਣ ਸਕਦੀ ਹੈ।
ਪਿੰਡ ਸੱਕਾਵਾਲੀ ਪਹੁੰਚੇ ਸੁਖਬੀਰ ਬਾਦਲ ਨੇ ਮਰਹੂਮ ਅਕਾਲੀ ਆਗੂ ਬਲਰਾਜ ਸਿੰਘ ਪੱਪਾ ਮਰਾੜ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਚਰਨਜੀਤ ਸਿੰਘ ਸੱਕਾਂਵਾਲੀ ਨੇ ਦੱਸਿਆ ਕਿ ਪਾਰਟੀ ਦੇ ਜ਼ਮੀਨੀ ਪੱਧਰ ਦੇ ਆਗੂਆਂ ਦੇ ਘਰ ਅਜਿਹੇ ਦੁੱਖ ਦੀ ਘੜੀ ਵਿੱਚ ਪਹੁੰਚਣਾ, ਇਥੇ ਪਾਰਟੀ ਪ੍ਰਧਾਨ ਦੀ ਫਰਾਖਦਿਲੀ ਦਾ ਸਬੂਤ ਹੈ। ਉਥੇ ਅਕਾਲੀ ਵਰਕਰ ਵਾਸਤੇ ਵੀ ਮਾਣ ਵਾਲੀ ਗੱਲ ਹੈ।