ਬਠਿੰਡਾ: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਕਾਫੀ ਭਖਦਾ ਜਾ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਦੀ ਚਰਚਾ ਛਿੜਨ ਮਗਰੋਂ ਉਹ ਮੀਡੀਆ ਸਾਹਮਣੇ ਆਏ। ਉਨ੍ਹਾਂ ਨੇ ਕਿਹਾ ਕਿ ਕੁਝ ਏਜੰਟ ਉਨ੍ਹਾਂ ਦੀ ਲਗਾਤਾਰ ਕਿਰਦਾਰਕੁਸ਼ੀ ਕਰ ਰਹੇ ਹਨ। ਵਿਰਸਾ ਸਿੰਘ ਵਲਟੋਹਾ ਦੇ ਨਾਲ 15 ਅਕਤੂਬਰ ਨੂੰ ਸਕੱਤਰੇਤ ਵਿਖੇ ਹੋਈ ਗੱਲਬਾਤ ਦੌਰਾਨ ਤਲਖੀ ਦੀ ਵੀਡੀਓ ਸਬੰਧੀ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਲਾ-ਸਾਲੀ ਕਹਿਣਾ ਮਲਵੱਈਆਂ ਦੀ ਭਾਸ਼ਾ 'ਚ ਸ਼ਾਮਿਲ ਹੈ ਤੇ ਗੱਲਬਾਤ ਕਰਦਿਆਂ ਅਜਿਹਾ ਮੂੰਹੋਂ ਨਿਕਲ ਜਾਂਦਾ ਹੈ।
"ਪੂਰੀ ਵੀਡੀਓ ਨੂੰ ਜਨਤਕ ਕਰਨਾ"
ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿਰਫ਼ 27 ਸੈਕਿੰਡ ਦੀ ਵੀਡੀਓ ਜਾਰੀ ਕੀਤੀ ਗਈ ਹੈ, ਇਹ ਵੀਡੀਓ ਸਿਰਫ਼ ਤਾਂ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲ ਸੀ। ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਵੀਡੀਓ ਬਾਹਰ ਕਿਸ ਤਰ੍ਹਾਂ ਆਈ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਵੀਡੀਓ ਡੇਢ ਘੰਟੇ ਦੀ ਹੈ ਜਿਸ ਨੂੰ ਜਨਤਕ ਕਰਨਾ ਚਾਹੀਦਾ ਹੈ। ਸੰਗਤਾਂ ਜਦੋਂ ਇਸ ਵੀਡੀਓ ਨੂੰ ਸੁਣਨਗੀਆਂ ਤਾਂ ਇਹੋ ਹੀ ਕਹਿਣਗੀਆਂ ਕਿ ਵਿਰਸਾ ਸਿੰਘ ਵਲਟੋਹਾ ਖਿਲਾਫ਼ ਹੋਰ ਸਖਤ ਫੈਸਲਾ ਕਿਉਂ ਨਹੀਂ ਲਿਆ ਗਿਆ।
ਘਰੇਲੂ ਝਗੜੇ ਨੂੰ ਉਛਾਲਿਆ ਜਾ ਰਿਹਾ
ਮੁਕਤਸਰ ਸਾਹਿਬ ਤੋਂ ਇੱਕ 18 ਸਾਲ ਪੁਰਾਣੇ ਉਨ੍ਹਾਂ ਦੇ ਘਰੇਲੂ ਝਗੜੇ ਨੂੰ ਉਛਾਲਿਆ ਜਾ ਰਿਹਾ ਹੈ। ਇਸ ਸਬੰਧੀ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਵਾਬ ਦੇ ਚੁੱਕੇ ਹਨ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਗੁਨਾਹ ਹੈ ਕਿ 5 ਸਿੰਘ ਸਾਹਿਬਾਨ ਦੀ ਮੀਟਿੰਗ 'ਚ 2 ਦਸੰਬਰ ਨੂੰ ਸ਼ਾਮਿਲ ਹੋ ਗਿਆ। ਜੋ ਪੰਜ ਸਿੰਘ ਸਾਹਿਬਨਾਂ ਦਾ ਫ਼ੈਸਲਾ ਸੀ ਉਸ 'ਤੇ ਦਸਤਖ਼ਤ ਸਭ ਦੇ ਹੀ ਹੋਏ ਸਨ ਪਰ ਉਨ੍ਹਾਂ ਦੀ ਹੀ ਅਲੋਚਨਾ ਕੀਤੀ ਜਾ ਰਹੀ ਹੈ।
"ਕੱਢਣਾ ਤਾਂ ਕੱਢ ਦਿਓ ਰੱਖਣਾ ਤਾਂ ਰੱਖ ਲਓ"
ਜਥੇਦਾਰ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਉਹ ਮੀਟਿੰਗ 'ਚ ਸ਼ਾਮਲ ਹੋ ਕੇ ਕੋਈ ਪਾਪ ਦਾ ਭਾਗੀਦਾਰ ਨਹੀਂ ਬਣੇ, ਉਨ੍ਹਾਂ ਨੂੰ ਕੱਢਣਾ ਤਾਂ ਕੱਢ ਦਿਓ ਰੱਖਣਾ ਤਾਂ ਰੱਖ ਲਓ। ਉਨ੍ਹਾਂ ਕਿਹਾ 10-15 ਦਿਨਾਂ ਤੋਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਥੇਦਾਰ ਨੇ ਕਿਹਾ ਕਿ ਇੱਥੋਂ ਤੱਕ ਕਿ ਉਨ੍ਹਾਂ ਦਾ ਨਕਲੀ ਪੇਜ ਬਣਾ ਕੇ ਅਜੀਬ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਪਹਿਲਾਂ ਭਾਜਪਾ ਦਾ ਇਲਜ਼ਾਮ, ਫਿਰ ਮੁੰਡੇ ਨੂੰ ਲੈ ਇੰਟਰਵਿਊ ਕਰਵਾ ਕੇ ਇਲਜ਼ਾਮ ਅਤੇ ਫਿਰ ਇਕ ਕੁੜੀ ਨਾਲ ਤਸਵੀਰਾਂ ਐਡੀਟ ਕਰ ਕੇ ਇਲਜ਼ਾਮ ਲਗਾਏ ਜਾ ਰਹੇ ਹਨ।
"ਮੈਂ ਕੋਈ ਅਸਤੀਫਾ ਨਹੀਂ ਦੇਣਾ"
ਉਨ੍ਹਾਂ ਕਿਹਾ ਕਿ 2019 'ਚ ਉਹ ਅਤੇ ਇੱਕ ਕੁੜੀ ਇਕੋ ਉਡਾਨ 'ਚ ਕਿਸੇ ਸਮਾਗਮ 'ਚ ਗਏ ਸੀ, ਜਿਸ ਤੋਂ ਬਾਅਦ ਮੇਰੇ 'ਤੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਤਸਵੀਰਾਂ ਐਡੀਟ ਕੀਤੀਆਂ ਗਈਆਂ ਅਤੇ ਫਿਰ ਵੀ ਇਨ੍ਹਾਂ ਲੋਕਾਂ ਨੂੰ ਸਬਰ ਨਹੀਂ ਆਇਆ ਤਾਂ ਉਨ੍ਹਾਂ ਦਾ ਨਕਲੀ ਪੇਜ ਬਣਾਇਆ ਦਿੱਤਾ ਗਿਆ, ਜੋ ਸਰਕਾਰ ਨੂੰ ਕਹਿ ਕੇ ਡਿਲੀਟ ਕਰਵਾਇਆ ਹੈ। ਇਸ ਦੌਰਾਨ ਉਨ੍ਹਾਂ ਅੱਗੇ ਕਿਹਾ ਕਿ ਮੈਂ ਅੱਜ ਵੀ ਕਹਿੰਦਾ ਹਾਂ ਮੈਂ ਕੋਈ ਅਸਤੀਫਾ ਨਹੀਂ ਦੇਣਾ। ਹੋਰ ਵੀ ਇਲਜ਼ਾਮ ਲਗਾਉਣੇ ਹਨ ਤਾਂ ਲਗਾ ਸਕਦੇ ਹੋ ਪਰ ਮੈਂ ਅਸਤੀਫਾ ਨਹੀਂ ਦੇਣਾ।