ਸ੍ਰੀ ਮੁਕਤਸਰ ਸਾਹਿਬ: ਕੁਝ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ 'ਚ ਅਧਿਕਾਰੀਆਂ ਤੇ ਸਿਆਸਤਦਾਨਾਂ ਦੀ ਮਾਂ ਲਵਾਰਿਸ ਮਿਲਣ ਉਪਰੰਤ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਨੂੰ ਹਾਲੇ ਕੁਝ ਦਿਨ ਹੀ ਬੀਤੇ ਸੀ ਕਿ ਇੱਕ ਹੋਰ ਅਜਿਹਾ ਹੀ ਮਾਮਲਾ ਪਿੰਡ ਉਦੈਕਰਨ ਤੋਂ ਸਾਹਮਣੇ ਆਇਆ ਹੈ। ਪਿੰਡ ਦੇ ਬਾਹਰ ਬਣੇ ਕੱਚੇ-ਖੰਡਰਨੁਮਾ ਘਰ 'ਚ 85 ਸਾਲ ਦੀ ਅਧਰੰਗ ਪੀੜਤ ਬਜ਼ੁਰਗ ਔਰਤ ਸੁਖਦੇਵ ਕੌਰ ਆਪਣੀ ਦਿਵਿਆਂਗ ਧੀ ਅਤੇ ਪੁੱਤਰ ਨਾਲ ਰਹਿੰਦੀ ਹੈ।
ਇਹ ਪਰਿਵਾਰ ਗਰੀਬੀ ਅਤੇ ਕੁਦਰਤ ਦੀ ਮਾਰ ਹੇਠ ਬਿਮਾਰੀ ਵਾਲਾ ਜੀਵਨ ਜੀਣ ਨੂੰ ਮਜਬੂਰ ਹੈ। ਜਦੋਂ ਈਟੀਵੀ ਭਾਰਤ ਦੀ ਟੀਮ ਉਨ੍ਹਾਂ ਦੇ ਘਰ ਪੁੱਜੀ ਤਾਂ ਸੁਖਦੇਵ ਕੌਰ ਤੇ ਉਸਦੇ ਪੁੱਤ ਨੇ ਦੱਸਿਆ ਕਿ ਉਨ੍ਹਾਂ ਇੱਕ ਰਿਸ਼ਤੇਦਾਰ ਔਰਤ, ਉਸ ਦੀ ਮਾਂ ਦਾ ਪਾਲਣ-ਪੋਸ਼ਣ ਕਰਨ ਵਾਸਤੇ ਲੌਕਡਾਊਨ ਦੌਰਾਨ ਮਈ ਮਹੀਨੇ 'ਚ ਆਪਣੇ ਘਰ ਲੈ ਗਈ। ਘਰ ਲਿਜਾ ਕੇ ਉਸ ਨੇ ਬਜ਼ੁਰਗ ਔਰਤ ਸੁਖਦੇਵ ਕੌਰ ਦੀ 25 ਲੱਖ ਰੁਪਏ ਦੀ ਜ਼ਮੀਨ ਦੀ ਰਜਿਸਟਰੀ ਧੋਖੇ ਨਾਲ ਆਪਣੇ ਨਾਂਅ ਕਰਵਾ ਲਈ ਅਤੇ ਕੋਈ ਪੈਸਾ ਵੀ ਨਹੀਂ ਦਿੱਤਾ।
ਹੈਰਾਨੀ ਉਸ ਸਮੇਂ ਹੋਈ ਜਦੋਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਡੇਢ ਮਹੀਨਾਂ ਪਹਿਲਾਂ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਸੀ। ਇਸ ਸਬੰਧੀ ਕੋਈ ਕਾਰਵਾਈ ਹੋਣ ਜਾਂ ਨਾ ਹੋਣ ਬਾਰੇ ਉਹ ਨਹੀਂ ਜਾਣਦੇ, ਪਰ ਅੱਜ ਤੱਕ ਉਨ੍ਹਾਂ ਨੂੰ ਜ਼ਮੀਨ ਵਾਪਸ ਨਹੀਂ ਮਿਲੀ। ਇਸ ਮਾਮਲੇ 'ਚ ਪੀੜਤ ਬਜ਼ੁਰਗ ਔਰਤ ਸੁਖਦੇਵ ਕੌਰ ਤੇ ਉਸਦੇ ਧੀ-ਪੁੱਤ ਸਮੇਤ ਖੰਡਰ ਬਣ ਚੁੱਕਿਆ ਘਰ ਗਵਾਹੀ ਭਰਦਾ ਹੈ ਕਿ ਇਹ ਪਰਿਵਾਰ ਕਈ ਸਾਲਾਂ ਤੋਂ ਕੁਦਰਤ ਦਾ ਪ੍ਰਕੋਪ ਝੱਲ ਰਿਹਾ ਹੈ, ਪਰ ਅਜਿਹੇ ਮਾਮਲਿਆਂ 'ਚ ਜਦੋਂ ਰਖ਼ਵਾਲੇ ਵੀ ਸ਼ਿਕਾਇਤਾਂ 'ਤੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਇਹ ਖ਼ੂਨ ਦੇ ਰਿਸ਼ਤਿਆਂ 'ਚ ਹੋਏ ਧੋਖੇ ਨਾਲੋਂ ਵੀ ਦੁਖਦਾਇਕ ਹੁੰਦਾ ਹੈ।
ਅੱਜ ਜਿਵੇਂ ਹੀ ਈਟੀਵੀ ਭਾਰਤ ਦੀ ਟੀਮ ਨੇ ਇਹ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਕਪਤਾਨ ਰਾਜਪਾਲ ਸਿੰਘ (ਅਰਜੁਨ ਐਵਾਰਡੀ) ਦੇ ਧਿਆਨ 'ਚ ਲਿਆਂਦਾ ਤਾਂ ਉਨ੍ਹਾਂ ਇਸ ਸਬੰਧੀ ਥਾਣਾ ਸਦਰ ਦੇ ਐਸਐਚਓ ਮਲਕੀਤ ਸਿੰਘ ਨੂੰ ਤੁਰੰਤ ਕਾਰਵਾਈ ਕਰਕੇ, ਰਿਪੋਰਟ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।