ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਵੇਂ ਨਿਯੁਕਤ ਕੀਤੇ ਸਿਆਸੀ ਸਲਾਹਕਰ ਅਤੇ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖ਼ਿਲਾਫ਼ ਮੰਦੀ ਸ਼ਬਦਾਵਲੀ ਵਰਤੇ ਜਾਣ ਉੱਤੇ ਕਾਂਗਰਸ ਪਾਰਟੀ ਦੇ ਆਗੂ ਉੱਤੇ ਰਾਜਾ ਵੜਿੰਗ ਵੱਲੋਂ ਮਾਮਲਾ ਦਰਜ ਕਰਵਾਏ ਜਾਣ ਕਾਰਨ ਕਾਂਗਰਸ ਪਰਟੀ ਦਾ ਅੰਦਰੂਨੀ ਵਿਵਾਦ ਭਖਦਾ ਜਾ ਰਿਹਾ ਹੈ।
ਰਾਜਾ ਵੜਿੰਗ ਵੱਲੋਂ ਮਾਮਲਾ ਦਰਜ ਕਰਵਾਏ ਜਾਣ ਤੋਂ ਬਾਅਦ ਕਾਂਗਰਸੀ ਆਗੂ ਸ਼ਰਨਜੀਤ ਸਿੰਘ ਸੰਧੂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੁੜ ਤੋਂ ਰਾਜਾ ਵੜਿੰਗ ਉੱਤੇ ਸ਼ਬਦੀ ਹਮਲੇ ਕਰਕੇ ਆਪਣੀ ਭੜਾਸ ਕੱਢੀ। ਸ਼ਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮੁਕਤਸਰ ਦੇ ਬਲਾਕ ਸਮਿਤੀ ਵਿੱਚ ਰਾਜਾ ਵੜਿੰਗ ਨੇ ਅਕਾਲੀ ਦਲ ਦੇ ਨਾਲ ਮਿਲੀਭੂਗਤ ਕਰਕੇ ਬਲਾਕ ਸਮਿਤੀ ਦੀ ਵਾਇਸ ਚੇਅਰਮੈਨ ਅਕਾਲੀ ਦਲ ਦੀ ਬਣਵਾ ਦਿੱਤੀ ਸੀ ਅਤੇ ਫਿਰ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ, ਵਾਇਸ ਚੇਅਰਮੈਨ ਦੀ ਵਾਰੀ ਆਈ ਤਾਂ ਹਾਈਕਮਾਨ ਦੇ ਵੱਲੋਂ ਸਾਰੇ ਕਾਂਗਰਸੀ ਉਮੀਦਵਾਰਾਂ ਨੂੰ ਸਰਬ ਸੰਮਤੀ ਨਾਲ ਜਿਲ੍ਹਾ ਪਰਿਸ਼ਦ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਚੁਣ ਲਏ ਗਏ ਸਨ ਜਿਸ ਨਾਲ ਸਾਰੇ ਪਾਰਟੀ ਵਰਕਰ ਸਹਿਮਤ ਹਨ ਪਰ ਮੈਂ ਤਾਂ ਇਸ ਗੱਲ ਦਾ ਖੁਲਾਸਾ ਮੰਤਰੀ ਸਾਹਿਬ ਦੇ ਸਾਹਮਣੇ ਕੀਤਾ ਸੀ ਜਿਸ ਉੱਤੇ ਭੜਕ ਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੇਰੇ ਉੱਪਰ ਮਾਮਲਾ ਦਰਜ ਕਰਵਾਇਆ ਹੈ।
ਦੱਸਣਯੋਗ ਹੈ ਕਿ ਜ਼ਿਲ੍ਹਾ ਮੁਕਤਸਰ ਦੇ ਕਾਂਗਰਸ ਕਿਸਾਨ ਸੈਲ ਦੇ ਆਗੂ ਸ਼ਰਨਜੀਤ ਸੰਧੂ ਦੇ ਉੱਪਰ ਰਾਜਾ ਵੜਿੰਗ ਨੇ ਮਾਣਹਾਨੀ ਦਾ ਮਾਮਲਾ ਦਰਜ ਕਰਾਇਆ ਸੀ। ਜਾਣਕਾਰੀ ਮੁਤਾਬਕ ਕਾਂਗਰਸ ਆਗੂ ਨੇ ਫੇਸਬੁਕ 'ਤੇ ਪੋਸਟ ਪਾ ਕੇ ਵੜਿੰਗ ਖ਼ਿਲਾਫ਼ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ, ਜਿਸ ਤੋ ਬਾਅਦ ਵਿਧਾਇਕ ਨੇ ਆਪਣੀ ਹੀ ਪਾਰਟੀ ਦੇ ਲੀਡਰ 'ਤੇ ਪਰਚਾ ਦਰਜ ਕਰਵਾ ਦਿੱਤਾ ਸੀ।