ਸ੍ਰੀ ਮੁਕਤਸਰ ਸਾਹਿਬ: ਬੀਤੇ ਦਿਨ ਗਿੱਦੜਬਾਹਾ ਵਿਚ ਹੋਏ ਨਿਹੰਗ ਸਿੰਘ ਦੇ ਕਤਲ ਦਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 12 ਘੰਟਿਆਂ ਵਿੱਚ ਸੁਲਝਾ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 2 ਵਿਅਕਤੀਆਂ ਨੂੰ ਕਾਬੂ ਵੀ ਕੀਤਾ ਹੈ। ਮੁਲਜ਼ਮਾਂ ਨੇ ਲੋਹੇ ਦੀ ਰਾਡ ਨਾਲ ਉਸ ਦਾ ਕਤਲ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਨਿਹੰਗ ਸਿੰਘ ਜਸਵੀਰ ਸਿੰਘ ਬੱਗਾ ਜੋ ਹੁਸਨਰ ਦਾ ਰਹਿਣ ਵਾਲਾ ਸੀ ਤੇ ਉਸ ਨੇ ਪਿਛਲੇ ਕੁਝ ਦਿਨਾਂ ਤੋਂ ਗਿੱਦੜਬਾਹਾ ਦੇ ਮਲੋਟ ਰੋਡ ’ਤੇ ਝੌਂਪੜੀ ਬਣਾ ਕੇ ਲੰਗਰ ਲਗਾਇਆ ਹੋਇਆ ਸੀ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਲੰਗਰ ਛਕਾਉਂਦਾ ਸੀ, ਜਿਸ ਦਾ ਕਿ ਕਿਸੇ ਵਲੋਂ ਕਤਲ ਕਰ ਦਿੱਤਾ ਗਿਆ ਸੀ। ਉਧਰ ਥਾਣਾ ਗਿੱਦੜਬਾਹਾ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਬੀਤੇ ਦਿਨ ਤੜਕਸਾਰ ਹੋਈ ਸੀ ਵਾਰਦਾਤ: ਇਸ ਸਬੰਧੀ ਐੱਸਐੱਸਪੀ ਭਾਗੀਰਥ ਮੀਨਾ ਨੇ ਦੱਸਿਆ ਕਿ 2 ਅਤੇ 3 ਜਨਵਰੀ ਦੀ ਦਰਮਿਆਨੀ ਰਾਤ ਨੂੰ ਕਿਸੇ ਅਣਪਛਾਤਿਆਂ ਵਲੋਂ ਪਿੰਡ ਹੁਸਨਰ ਦੇ ਰਹਿਣ ਵਾਲੇ ਜਸਵੀਰ ਸਿੰਘ ਦਾ ਕਤਲ ਕੀਤਾ ਗਿਆ ਸੀ, ਜਿਸ 'ਚ ਪੁਲਿਸ ਨੇ ਮ੍ਰਿਤਕ ਜਸਵੀਰ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਡੀਐੱਸਪੀ ਗਿੱਦੜਬਾਹਾ ਜਸਬੀਰ ਸਿੰਘ ਪੰਨੂ, ਡੀਐੱਸਪੀ ਹੋਮੀਸਾਈਡ ਐਂਡ ਫੋਰੇਂਸਿੰਗ ਦੀ ਅਗਵਾਈ ਹੇਠ ਇੰਸਪੈਕਟਰ ਨਵਪ੍ਰੀਤ ਸਿੰਘ ਮੁੱਖ ਥਾਣਾ ਅਫਸਰ ਗਿੱਦੜਬਾਹਾ, ਇੰਸਪੈਕਟਰ ਜਸਵੀਰ ਸਿੰਘ ਮੁੱਖ ਥਾਣਾ ਅਫਸਰ ਕੋਟਭਾਈ ਨੇ ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਸੀ, ਜਿੰਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ।
ਸ਼ਰਾਬ ਦੇ ਨਸ਼ੇ 'ਚ ਕੀਤੀ ਵਾਰਦਾਤ: ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਸਿਰਫ਼ 12 ਘੰਟਿਆਂ ਦੇ ਅੰਦਰ ਹੀ ਕਤਲ ਦੇ ਦੋ ਮੁਲਜ਼ਮ ਗੁਰਜੀਤ ਸਿੰਘ ਵਾਸੀ ਢਾਣੀ ਕੁਕੀਆ ਵਾਲੀ ਫਕਰਸਰ ਅਤੇ ਬਲਜੀਤ ਸਿੰਘ ਉਰਫ਼ ਬੌਬੀ ਵਾਸੀ ਗਿੱਦੜਬਾਹਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਹਥਿਆਰ ਰਾਡ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਐੱਸਐੱਸਪੀ ਭਾਗੀਰਥ ਮੀਨਾ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਸ਼ਰਾਬ ਦੇ ਨਸ਼ੇ 'ਚ ਅਚਾਨਕ ਹੋਈ ਤਕਰਾਰ ਕਾਰਨ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।