ਸ੍ਰੀ ਮੁਕਤਸਰ ਸਾਹਿਬ: ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਮੰਗਲਵਾਰ ਨੂੰ ਲੰਬੀ ਹਲਕੇ ਵਿੱਚ ਪੁੱਜ ਕੇ ਮੀਂਹ ਨਾਲ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਫਸਲਾਂ ਦਾ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਇਸਤੋਂ ਪਹਿਲਾਂ ਪਿੰਡ ਪੱਕੀ ਟਿੱਬੀ ਦੇ ਇੱਕ ਕਿਸਾਨ ਨੇ ਦੱਸਿਆ ਕਿ ਉਸ ਦੀ 60 ਕਿੱਲੇ ਉਸਦੇ ਅਤੇ 80 ਕਿੱਲੇ ਉਸਦੇ ਤਾਏ ਦੇ ਮੁੰਡੇ ਦੀ ਫਸਲ ਖਰਾਬ ਹੋ ਗਈ ਹੈ। ਉਸ ਨੇ ਦੱਸਿਆ ਕਿ ਇਹ ਸੇਮ 1997 ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਜਾਰੀ ਹੈ, ਜਿਨ੍ਹਾਂ ਨੂੰ ਉਹ ਉਸ ਸਮੇਂ ਤੋਂ ਹੀ ਬੇਨਤੀਆਂ ਕਰਦੇ ਰਹੇ ਹਨ। ਪਰ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ। ਉਸ ਨੇ ਦੱਸਿਆ ਉਨ੍ਹਾਂ ਦੇ ਪਿੰਡ ਦਾ ਸੇਮ ਨਾਲਾ ਕਦੀ ਵੀ ਪੱਕਾ ਨਹੀਂ ਹੋਇਆ ਹੈ।
ਉਸ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਡੁੱਬੀਆਂ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ ਅਤੇ ਇਸ ਨਾਲੇ ਨੂੰ ਸਹੀ ਕੀਤਾ ਜਾਵੇ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਜਾਇਜ਼ੇ ਦੌਰਾਨ ਪੀੜਤ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਹ ਹਲਕਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹਲਕਾ ਹੈ ਅਤੇ ਉਨ੍ਹਾਂ ਨੇ ਬਤੌਰ ਮੁੱਖ ਮੰਤਰੀ ਰਾਜ ਕੀਤਾ ਹੈ। ਪਰ ਅਫਸੋਸ ਹੈ ਕਿ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋਣ 'ਤੇ ਮੁਆਵਜ਼ਾ ਤਾਂ ਕੀ ਦਿਵਾਉਣਾ ਸੀ ਮਿਲਣ ਤੱਕ ਨਹੀਂ ਆਏ। ਉਨ੍ਹਾਂ ਕਿਹਾ ਜੇਕਰ ਅਕਾਲੀ ਦਲ ਨੇ ਇਲਾਕੇ ਦੀ ਸਮੱਸਿਆ ਦਾ ਸਹੀ ਹੱਲ ਕੀਤਾ ਹੁੰਦਾ ਤਾਂ ਅੱਜ ਇਹ ਹਲਾਤ ਨਾ ਹੁੰਦੇ।
ਚੀਮਾ ਨੇ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਡੁੱਬਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਮੁੱਖ ਮੰਤਰੀ ਦਾਅਵਾ ਕਰਦੇ ਹਨ ਕਿ 55 ਕਰੋੜ ਰੁਪਏ ਇਨ੍ਹਾਂ ਨਾਲਿਆਂ ਤੇ ਬਰਸਾਤੀ ਨਾਲਿਆਂ 'ਤੇ ਖ਼ਰਚ ਕੀਤੇ ਹਨ, ਪਰ ਇਹ ਕਿਤੇ ਵਿਖਾਈ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਕੱਢੀ ਗਈ ਇਹ ਡਰੇਨ ਬਿਲਕੁਲ ਗਲਤ ਹੈ, ਜਿਸਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਤੇ ਦੁਬਾਰਾ ਕੱਢੀ ਜਾਵੇ।
ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਮੰਗ ਕੀਤੀ ਕਿ ਮਹਿਕਮਾ ਮਾਲ ਦੇ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਸਹਿਯੋਗੀ ਲੈ ਕੇ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਵਿਸ਼ੇਸ਼ ਮੁਆਵਜ਼ਾ ਦੇਣ।