ਮਲੋਟ: ਲੰਘੇ ਦਿਨੀਂ ਮਲੋਟ ਵਿੱਚ ਭਾਜਪਾ ਆਗੂਆਂ ਨਾਲ ਮੀਟਿੰਗ ਕਰਨ ਲਈ ਗਏ ਭਾਜਪਾ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਉੱਤੇ ਕਿਸਾਨਾਂ ਨੇ ਹਮਲਾ ਕੀਤਾ। ਇਸ ਹਮਲੇ ਵਿੱਚ ਪੁਲਿਸ ਨੇ ਬਾਈਨੇਮ 7 ਕਿਸਾਨ ਆਗੂਆਂ ਦੇ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਕਰੀਬ 300 ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਵੀ ਐਫਆਈਆਰ ਦਰਜ ਕੀਤੀ ਹੈ।
ਜਿਨ੍ਹਾਂ ਕਿਸਾਨਾਂ ਦੇ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਹੈ ਉਨ੍ਹਾਂ ਦੇ ਨਾਂਅ ਇਸ ਤਰ੍ਹਾਂ ਹਨ ਲਖਨ ਪਾਲ ਸ਼ਰਮਾ ਉਰਫ਼ ਲਖਾ ਸ਼ਰਮਾ , ਸੁਖਦੇਵ ਸਿੰਘ ਬੂੜਾਗੁੱਜਰ, ਨਿਰਮਲ ਸਿੰਘ ਜੱਸੇਆਣਾ, ਕੁਲਵਿੰਦਰ ਸਿੰਘ ਦਾਨੇਵਾਲਾ, ਨਾਨਕ ਸਿੰਘ ਫਕਰਸਰ , ਅਵਤਾਰ ਸਿੰਘ ਫ਼ਕਰਸਰ ਅਤੇ ਰਾਜਵਿੰਦਰ ਸਿੰਘ ਜੰਡਵਾਲਾ ਸਮੇਤ 307,353,186,188,332,342,506,148,149 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਅਰੁਣ ਨਾਰੰਗ ਮਲੋਟ 'ਚ ਕਾਂਗਰਸ ਸਰਕਾਰ ਦੀ ਚਾਰ ਸਾਲ ਦੀ ਕਾਰਗੁਜਾਰੀ ਉੱਤੇ ਪ੍ਰੈੱਸ ਕਾਨਫਰੰਸ ਕਰਨ ਲਈ ਗਏ। ਅਰੁਣ ਨਾਰੰਗ ਦੀ ਮਲੋਟ ਫੇਰੀ ਦਾ ਕਿਸਾਨਾਂ ਆਗੂਆਂ ਨੂੰ ਪਤਾ ਲੱਗਣ ਉੱਤੇ ਕਿਸਾਨਾਂ ਨੇ ਭਾਜਪਾ ਆਗੂ ਦਾ ਘਿਰਾਓ ਕਰ ਕੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਸਾਨਾਂ ਨੇ ਉਨ੍ਹਾਂ ਦੀ ਕਾਰ ਅਤੇ ਮੁੰਹ ਉੱਤੇ ਕਾਲਸ ਮਲ ਦਿੱਤੀ।