ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੇ ਪਿੰਡ ਸੋਹਣੇਵਾਲਾ ਚੱਕ ਅਟਾਰੀ ਵਿਖੇ ਜ਼ਮੀਨੀ ਵਿਵਾਦ ਦੇ ਚਲਦੇ ਇੱਕ ਕਿਸਾਨ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਕਿਸਾਨ ਨੂੰ ਇਲਾਜ ਲਈ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਇਸ ਬਾਰੇ ਦੱਸਦੇ ਹੋਏ ਪੀੜਤ ਕਿਸਾਨ ਦੇ ਪੁੱਤਰ ਰਣਬੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦਰਸ਼ਨ ਸਿੰਘ ਨੇ ਪਿੰਡ ਦੇ ਹੀ ਇੱਕ ਵਿਅਕਤੀ ਲਖਵਿੰਦਰ ਸਿੰਘ ਤੋਂ ਦੋ ਸਾਲ ਪਹਿਲਾਂ ਇੱਕ ਏਕੜ ਜ਼ਮੀਨ ਖ਼ਰੀਦੀ ਸੀ। ਦੋਹਾਂ ਧਿਰਾਂ ਵਿਚਾਲੇ ਜ਼ਮੀਨ ਦਾ ਸੌਦਾ ਤੈਅ ਹੋ ਚੁੱਕਾ ਸੀ ਅਤੇ ਦਰਸ਼ਨ ਵੱਲੋਂ ਲਖਵਿੰਦਰ ਨੂੰ ਜ਼ਮੀਨ ਦੀ 11 ਲੱਖ ਰੁਪਏ ਦੀ ਰਕਮ ਅਦਾ ਕੀਤੀ ਜਾ ਚੁੱਕੀ ਸੀ। ਜ਼ਮੀਨ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਦਰਸ਼ਨ ਅਤੇ ਲਖਵਿੰਦਰ ਵਿਚਾਲੇ ਕਈ ਵਾਰ ਗੱਲਬਾਤ ਹੋਈ ਪਰ ਲਖਵਿੰਦਰ ਹਰ ਵਾਰ ਬਹਾਨਾ ਬਣਾ ਕੇ ਜ਼ਮੀਨ ਦੀ ਰਜਿਸਟ੍ਰੇਸ਼ਨ ਨੂੰ ਟਾਲ ਦਿੰਦਾ ਸੀ।
ਲਖਵਿੰਦਰ ਨੇ ਨਾਂ ਹੀ ਦਰਸ਼ਨ ਸਿੰਘ ਦੇ ਨਾਂਅ 'ਤੇ ਰਜਿਸਟ੍ਰੇਸ਼ਨ ਕਰਵਾਈ ਅਤੇ ਨਾਂ ਹੀ ਉਸ ਨੂੰ ਜ਼ਮੀਨ ਦਾ ਕਬਜ਼ਾ ਦਿੱਤਾ। ਇਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਵਿਵਾਦ ਵੱਧ ਗਿਆ,ਜਿਸ ਦੇ ਚਲਦੇ ਪਰੇਸ਼ਾਨੀ ਕਾਰਨ ਦਰਸ਼ਨ ਸਿੰਘ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਸਮਾਂ ਰਹਿੰਦੇ ਉਸ ਨੂੰ ਬਚਾ ਲਿਆ ਗਿਆ ਹੈ।ਪੀੜਤ ਕਿਸਾਨ ਦੇ ਪਰਿਵਾਰ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਵਿਰੋਧੀ ਧਿਰ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਹੋਰ ਪੜ੍ਹੋ : ਪੁਲੀਸ ਨੇ ਕੌਮਾਂਤਰੀ ATM ਲੁਟੇਰਿਆਂ ਦੇ ਗਿਰੋਹ ਦੇ 8 ਮੈਂਬਰ ਕੀਤੇ ਕਾਬੂ
ਇਸ ਮੌਕੇ 'ਤੇ ਪਹੁੰਚੇ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਡਾਕਟਰ ਤੋਂ ਪੀੜਤ ਕਿਸਾਨ ਦੀ ਹਾਲਤ ਬਾਰੇ ਜਾਣਕਾਰੀ ਲਈ ਹੈ। ਪੁਲਿਸ ਵੱਲੋਂ ਪੀੜਤ ਪਰਿਵਾਰ ਦੇ ਬਿਆਨਾਂ ਮੁਤਾਬਕ ਵਿਰੋਧੀ ਧਿਰ ਵਿਰੁੱਧ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।