ਮਲੋਟ: ਖੇਤੀ ਕਾਨੂੰਨਾਂ ਨੂੰ ਲੈ ਕੇ ਜਿਥੇ ਰੋਜ਼ਾਨਾ ਕਿਸਾਨ ਦਿੱਲੀ ਵਿਖੇ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਸੰਘਰਸ਼ ਨੂੰ ਤੇਜ਼ ਕਰ ਰਹੇ ਹਨ, ਉਥੇ ਸੰਘਰਸ਼ ਦਾ ਰੰਗ ਹੁਣ ਪੰਜਾਬ ਵਿੱਚ ਵਿਆਹਾਂ-ਸ਼ਾਦੀਆਂ 'ਤੇ ਵੀ ਚੜ੍ਹਦਾ ਵਿਖਾਈ ਦੇਣ ਲੱਗਿਆ ਹੈ। ਤਾਜ਼ਾ ਮਾਮਲਾ ਮਲੋਟ ਦੇ ਪਿੰਡ ਗੁਰੂਸਰ ਵਿਖੇ ਵਿਖਾਈ ਦਿੱਤਾ, ਜਿਥੇ ਵਿਆਹ ਸਮਾਗਮ ਦੀ ਗੱਡੀ 'ਤੇ ਕਿਸਾਨੀ ਸੰਘਰਸ਼ ਦਾ ਝੰਡਾ ਝੂਲਦਾ ਨਜ਼ਰ ਆਇਆ। ਕਿਹਾ ਇਹ ਵੀ ਜਾ ਰਿਹਾ ਹੈ ਕਿ ਸਾਰੇ ਬਾਰਾਤੀ ਵੀ ਕਿਸਾਨੀ ਬੈਚ ਲਗਾ ਕੇ ਪੁੱਜੇ ਸਨ। ਪਿੰਡ ਵਾਸੀਆਂ ਵਿੱਚ ਇਸ ਵਿਆਹ ਦੀ ਖੂਬ ਚਰਚਾ ਹੋ ਰਹੀ ਹੈ ਅਤੇ ਨੌਜਵਾਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਲਾੜੇ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ ਕਿਸਾਨੀ ਸੰਘਰਸ਼ ਨੂੰ ਸਮਰਪਤ ਇਹ ਡੋਲੀ ਵਾਲੀ ਕਾਰ ਨੂੰ ਫੁੱਲਾਂ ਨਾਲ ਸਜਾਉਣ ਦੀ ਥਾਂ 'ਤੇ ਕਿਸਾਨੀ ਝੰਡਾ ਝੁਲਾਇਆ ਹੈ। ਉਸ ਨੇ ਕਿਹਾ ਕਿਉਂਕਿ ਉਹ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿਖੇ ਕਿਸਾਨ ਅੰਦੋਲਨ ਵਿੱਚ ਤਾਂ ਜਾ ਨਹੀਂ ਸਕੇ ਸਨ ਤਾਂ ਇਸ ਲਈ ਇਹ ਤਰੀਕਾ ਵਰਤਿਆ ਹੈ ਅਤੇ ਆਪਣਾ ਸਮਰਥਨ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਨੇ ਪਿੰਡ ਇਕਾਈ ਦੇ ਕਿਸਾਨ ਆਗੂਆਂ ਨੂੰ ਦੱਸਿਆ ਅਤੇ ਗੱਡੀ 'ਤੇ ਝੰਡਾ ਲਗਾ ਕੇ ਬਰਾਤ ਲੈ ਕੇ ਪੁੱਜੇ ਸਨ।
ਇਸ ਮੌਕੇ ਜਸਵਿੰਦਰ ਸਿੰਘ ਧਾਲੀਵਾਲ ਗੁਰੂਸਰ ਇਕਾਈ ਜਨਰਲ ਸਕੱਤਰ ਉਗਰਾਹਾਂ ਨੇ ਨੌਜਵਾਨ ਦੇ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਨੌਜਵਾਨਾਂ ਦਾ ਵੱਡਾ ਯੋਗਦਾਨ ਹੈ ਅਤੇ ਵਿਆਹ ਸਮਾਗਮਾਂ ਵਿੱਚ ਵਿਰੋਧ ਕਰਨਾ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੰਘਰਸ਼ਸੀਲ ਯੋਧੇ ਆਪਣੇ ਦਿਨ ਤਿਉਹਾਰ ਵੀ ਹੁਣ ਔਖੇ ਵੇਲੇ ਇੰਝ ਮਨਾਉਂਦੇ ਰਹਿੰਦੇ ਹਨ।