ਸ੍ਰੀ ਮੁਕਤਸਰ ਸਾਹਿਬ: ਸ਼੍ਰੀ ਮੁਕਤਸਰ ਸਾਹਿਬ ਦੀ ਇੱਕ ਬਜ਼ੁਰਗ ਮਾਤਾ ਸੁਰਜੀਤ ਕੌਰ ਨੇ ਸਮਾਜ ਸੇਵੀਆਂ ਅੱਗੇ ਮਦਦ ਦੀ ਗੁਹਾਰ ਲਾਈ ਹੈ। ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਉਸ ਦਾ ਇੱਕੋ-ਇੱਕ ਕਮਾਉ ਪੁੱਤ ਕਰੀਬ ਪੰਦਰਾਂ ਸਾਲ ਤੋਂ ਕਿਸੇ ਭਿਆਨਕ ਬਿਮਾਰੀ ਕਾਰਨ ਮੰਜੇ ਉਤੇ ਪਿਆ ਹੈ। ਪੁੱਤ ਬਿਮਾਰ ਹੋਣ ਕਾਰਨ ਘਰ 'ਚ ਕੋਈ ਕਮਾਈ ਵਾਲਾ ਸਾਧਨ ਨਹੀਂ, ਇਸ ਲਈ ਸਾਡੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ। ਉਸਦੀ ਆਪਣੀ ਵੀ ਕਰੀਬ ਸੱਤਰ ਸਾਲ ਉਮਰ ਹੋ ਗਈ ਹੈ।
ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰ ਰਹੀ ਹਾਂ। ਇਸ ਉਮਰ ਵਿੱਚ ਕੰਮ ਕਰਨ ਵਿੱਚ ਬਹੁਤ ਮੁਸ਼ਕਿਲ ਆ ਰਹੀ ਹੈ। ਬਿਜਲੀ ਦਾ ਬਿੱਲ ਨਾ ਭਰਨ ਕਾਰਨ ਸਾਡੇ ਘਰ ਦਾ ਕਰੀਬ ਚਾਰ-ਪੰਜ ਮਹੀਨਿਆਂ ਤੋਂ ਬਿਜਲੀ ਵਾਲਾ ਮੀਟਰ ਵੀ ਮਹਿਕਮੇ ਵੱਲੋਂ ਕੱਟ ਦਿੱਤਾ ਗਿਆ ਹੈ ਤੇ ਹਨੇਰੇ ਵਿੱਚ ਰਾਤਾਂ ਗੁਜ਼ਾਰਨ ਨੂੰ ਮਜਬੂਰ ਹੋਏ ਬੈਠੇ ਹਾਂ।
ਮਾਤਾ ਸੁਰਜੀਤ ਕੌਰ ਨੇ ਸਮਾਜ ਸੇਵੀਆਂ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਮੇਰੀ ਮਦਦ ਕੀਤੀ ਜਾਵੇ ਤਾਂ ਜੋ ਮੇਰੀ ਬਚੀ ਜ਼ਿੰਦਗੀ ਮੈਂ ਸੌਖੀ ਜੀ ਸਕਾਂ।