ਸ੍ਰੀ ਮੁਕਤਸਰ ਸਾਹਿਬ: ਲੰਬੀ ਦੇ ਨੇੜਲੇ ਪਿੰਡ ਮਹੁਆਨਾ ਵਿੱਚ ਚੱਲ ਰਹੇ ਪੰਜਾਬ ਲੈਵਲ ਦੇ ਡਰਾਇਵਿੰਗ ਸਕਿਲ ਸੈਂਟਰ ਨੂੰ ਅਚਾਨਕ ਕਰੋਨਾ ਵਾਇਰਸ ਦੇ ਚਲਦਿਆਂ ਬੰਦ ਕਰ ਦਿੱਤਾ ਗਿਆ। ਪੰਜਾਬ ਭਰ ਤੋਂ ਆਏ ਡਰਾਇਵਰ ਤੇ ਕੰਡਕਟਰਾਂ ਵੱਲੋਂ ਉਨ੍ਹਾਂ ਨੂੰ ਟ੍ਰੇਨਿੰਗ ਸਰਟਿਫਿਕੇਟ ਨਾ ਮਿਲਣ ਦੇ ਰੋਸ਼ ਵਿੱਚ ਦਿੱਲੀ-ਫਾਜ਼ਿਲਕਾ ਨੈਸ਼ਨਲ ਹਾਈਵੇ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ।
ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਦਹਿਸ਼ਤ ਫੈਲਾਈ ਹੋਈ ਹੈ ਇਸ ਕਾਰਨ ਪੰਜਾਬ ਸਰਕਾਰ ਵੱਲੋਂ ਹਰ ਪਬਲਿਕ ਅਦਾਰੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਚਲਦੇ ਹਲਕਾ ਲੰਬੀ ਦੇ ਪਿੰਡ ਮਹੁਆਨਾ ਵਿੱਚ ਚੱਲ ਰਹੇ ਪੰਜਾਬ ਲੈਵਲ ਦੇ ਡਰਾਇਵਿੰਗ ਸਕੀਲ ਸੈਂਟਰ ਨੂੰ ਵੀ ਬੰਦ ਕੀਤਾ ਹੋਇਆ ਹੈ ਜਿੱਥੇ ਪੂਰੇ ਪੰਜਾਬ ਵਿਚੋਂ ਦੂਰੋਂ-2 ਡਰਾਇਵਰ ਆਪਣਾ ਦੋ ਦਿਨ ਦਾ ਰਿਫਰੈਸ਼ਰ ਕੋਰਸ ਕਰਨ ਲਈ ਆਉਂਦੇ ਹਨ।
ਉਥੇ ਹੀ ਅਦਾਰਾ ਬੰਦ ਹੋਣ ਦੇ ਕਾਰਨ ਉਨ੍ਹਾਂ ਨੂੰ ਸਰਟਿਫਿਕੇਟ ਨਾ ਮਿਲਣ ਦੇ ਵਿਰੋਧ ਵਿੱਚ ਡਰਾਇਵਰਾਂ ਵੱਲੋਂ ਦਿੱਲੀ-ਫਾਜ਼ਿਲਕਾ ਨੈਸ਼ਨਲ ਹਾਈਵੇ ਰੋਡ ਉੱਤੇ ਜਾਮ ਲਗਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਲਗਭਗ 3 ਘੰਟੇ ਤੱਕ ਲੱਗੇ ਰੋਡ ਜਾਮ ਨੂੰ ਖੁਲ੍ਹਵਾਉਣ ਲਈ ਪੁਲਿਸ ਨਾਕਾਮ ਰਹੀ ਅਤੇ ਮੂਕ ਦਰਸ਼ਕ ਬਣਕੇ ਵੇਖਦੀ ਰਹੀ।
ਆਖਰਕਾਰ ਪਿੰਡ ਵਾਸੀਆਂ ਨੇ ਆਪਣੇ ਪੱਧਰ ਉੱਤੇ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਕੇ ਰੋਡ ਨੂੰ ਖਾਲੀ ਕਰਵਾਇਆ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਦੇ ਉਹ ਕੰਮ ਛੱਡ ਕੇ ਦੂਰੋਂ ਆਪਣੀ ਟਰੇਨਿੰਗ ਪੂਰੀ ਕਰਨ ਲਈ ਅਤੇ ਆਪਣੇ ਸਰਟਿਫਿਕੇਟ ਲੈਣ ਲਈ ਆਏ ਹਨ ਪਰ ਪਤਾ ਲੱਗਾ ਕਿ ਸੇਂਟਰ ਬੰਦ ਹੈ। ਇਨ੍ਹਾਂ ਨੂੰ ਚਾਹੀਦਾ ਸੀ ਕਿ ਬੰਦ ਦਾ ਨੋਟਿਸ ਕੁੱਝ ਦਿਨ ਪਹਿਲਾਂ ਲਗਾਉਣਾ ਸੀ ਤਾਂ ਜੋ ਦੂਰੋਂ-ਦੂਰੋਂ ਆਏ ਲੋਕ ਖ਼ਰਾਬ ਨਾ ਹੁੰਦੇ।