ਸ੍ਰੀ ਮੁਕਤਸਰ ਸਾਹਿਬ: ਕੋਰੋਨਾ ਮਹਾਂਮਾਰੀ ਨਾਲ ਜਿਥੇ ਪੂਰਾ ਦੇਸ਼ ਪ੍ਰਭਾਵਿਤ ਹੋਇਆ ਹੈ। ਉਥੇ ਹੀ ਹੁਣ ਡੇਂਗੂ ਦਾ ਪ੍ਰਕੋਪ ਵੀ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ। ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਸੂਬੇ 'ਚ ਡੇਂਗੂ ਦੇ ਮਾਮਲੇ ਵੱਧਣੇ ਸ਼ੁਰੂ ਹੋ ਚੁੱਕੇ ਹਨ। ਜਿਸ ਦੇ ਚੱਲਦਿਆਂ ਪੰਜਾਬ ਦੇ ਕਈ ਜ਼ਿਲਹੇ ਇਸ ਤੋਂ ਜਿਆਦਾ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਡੇਂਗੂ ਦੀ ਬਿਮਾਰੀ ਤੋਂ ਨਜਿੱਠਣ ਲਈ ਕਈ ਤਰ੍ਹਾਂ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਲੋਕਾਂ ਨੂੰ ਸੁਚੇਤ ਵੀ ਕੀਤਾ ਜਾ ਰਿਹਾ ਹੈ। ਬਾਵਜੂਦ ਇਸ ਦੇ ਪੰਜਾਬ ਵਿਚਲੇ ਕਈ ਜ਼ਿਲ੍ਹੇ ਇਸ ਬਿਮਾਰੀ ਤੋਂ ਪ੍ਰਭਾਵਿਤ ਹੋ ਰਹੇ ਹਨ। ਜਿਸ ਦੇ ਚੱਲਦਿਆਂ ਕਈ ਥਾਵਾਂ 'ਤੇ ਇਸ ਦੇ ਮਰੀਜ਼ਾਂ ਦੀ ਗਿਣਤੀ ਸੈਂਕੜਿਆਂ 'ਚ ਪਹੁੰਚ ਚੁੱਕੀ ਹੈ।
ਉਥੇ ਹੀ ਜੇਕਰ ਸ੍ਰੀ ਮੁਕਤਸਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਉਥੋਂ ਦੇ ਲੋਕਾਂ ਨੇ ਪ੍ਰਸ਼ਾਸਨ 'ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਹਨ। ਜਿਸ ਦੇ ਚੱਲਦਿਆਂ ਲੋਕਾਂ ਦਾ ਕਹਿਣਾ ਕਿ ਮੀਂਹ ਕਾਰਨ ਸੀਵਰੇਜ ਬੰਦ ਹੋ ਚੁੱਕੇ ਹਨ। ਜਿਸ ਕਾਰਨ ਗੰਦਾ ਪਾਣੀ ਬਾਹਰ ਸੜਕਾਂ 'ਤੇ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਕਾਰਨ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਨਾਲ ਹੀ ਡੇਂਗੂ ਨੂੰ ਵੀ ਸੱਦਾ ਦੇ ਰਿਹਾ ਹੈ।
ਇਸ ਸਬੰਧੀ ਸਥਾਨਕ ਲੋਕਾਂ ਦਾ ਕਹਿਣਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਹ ਸਭ ਕੁਝ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੰਤਰੀ ਜਾਂ ਅਧਿਕਾਰੀ ਦੇ ਘਰ ਸਾਹਮਣੇ ਗੰਦਾ ਪਾਣੀ ਖੜਾ ਹੁੰਦਾ ਹੈ ਤਾਂ ਮਿੰਟਾਂ 'ਚ ਉਸ ਨੂੰ ਸਹੀ ਕੀਤਾ ਜਾਂਦਾ ਹੈ, ਜਦਕਿ ਆਮ ਲੋਕਾਂ ਦੀ ਸੁਣਵਾਈ ਤੱਕ ਨਹੀਂ ਹੁੰਦੀ ਹੈ।
ਪੰਜਾਬ 'ਚ ਡੇਂਗੂ ਦੇ ਮਾਮਲੇ:
ਸ੍ਰੀ ਮੁਕਤਸਰ ਸਾਹਿਬ
ਡੇਂਗੂ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਸ੍ਰੀ ਮੁਕਤਸਰ ਸਾਹਿਬ 'ਚ ਲਗਾਤਾਰ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ ਅਤੇ ਮੁਕਤਸਰ ਸਾਹਿਬ 'ਚ ਕੁੱਲ੍ਹ 328 ਮਾਮਲੇ ਡੇਂਗੂ ਦੇ ਸਾਹਮਣੇ ਆਏ ਹਨ।
ਗਿੱਦੜਬਾਹਾ
ਹਲਕਾ ਗਿੱਦੜਬਾਹਾ 'ਚ ਡੇਂਗੂ ਮਰੀਜ਼ਾਂ ਦੀ ਗਿਣਤੀ ਸੈਂਕੜਾ ਪਾਰ ਕਰ ਚੁੱਕੀ ਹੈ। ਗਿੱਦੜਬਾਹਾ 'ਚ ਡੇਂਗੂ ਦੇ 130 ਮਾਮਲੇ ਸਾਹਮਣੇ ਆਏ ਹਨ।
ਮਲੋਟ ਅਤੇ ਲੰਬੀ
ਹਲਕਾ ਮਲੋਟ ਦੀ ਗੱਲ ਕੀਤੀ ਜਾਵੇ ਤਾਂ 160 ਮਾਮਲੇ ਡੇਂਗੂ ਦੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਲੰਬੀ 'ਚ ਡੇਂਗੂ ਦੇ 30 ਮਰੀਜ਼ ਪੌਜੀਟਿਵ ਹਨ
ਹੁਸ਼ਿਆਰਪੁਰ
ਜ਼ਿਲ੍ਹਾ ਹੁਸ਼ਿਆਰਪੁਰ 'ਚ ਡੇਂਗੂ ਦੀ ਗੱਲ ਕਰੀਏ ਤਾਂ ਹੁਣ ਤੱਕ ਪਿਛਲੇ 24 ਘੰਟਿਆਂ 'ਚ 14 ਮਾਮਲੇ ਡੇਂਗੂ ਦੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਜੇਕਰ ਕੁੱਲ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ 487 ਮਾਮਲੇ ਡੇਂਗੂ ਦੇ ਹੁਣ ਤੱਕ ਆ ਚੁੱਕੇ ਹਨ, ਜੋ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਲਈ ਮਾਮਲਿਆਂ 'ਚ ਹੋ ਰਿਹਾ ਵਾਧਾ ਵੱਡੀ ਚਿੰਤਾ ਦਾ ਵਿਸ਼ਾ ਹੈ।
ਮਾਨਸਾ
ਜੇਕਰ ਗੱਲ ਮਾਨਸਾ ਦੀ ਕੀਤੀ ਜਾਵੇ ਤਾਂ ਹੁਣ ਤੱਕ 127 ਲੋਕਾਂ ਦੇ ਡੇਂਗੂ ਦੇ ਸੈਂਪਲ ਲਏ ਗਏ ਹਨ, ਜਿਸ 'ਚ ਹੁਣ ਤੱਕ 9 ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚ 4 ਕੇਸ ਮੌਜੂਦਾ ਸਮੇਂ ਡੇਂਗੂ ਦੇ ਐਕਟਿਵ ਹਨ। ਇਸ ਦੇ ਚੱਲਦਿਆਂ ਜ਼ਿਲ੍ਹਾ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ, ਜਿਸ ਲਈ ਡਾਕਟਰਾਂ ਵਲੋਂ ਜਿਥੇ ਨਿਗਰਾਨੀ ਰੱਖੀ ਜਾ ਰਹੀ ਹੈ,ਉਥੇ ਹੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਘਰਾਂ 'ਚ ਪਏ ਕੂਲਰ,ਟਾਇਰ, ਗਮਲਿਆਂ ਨੂੰ ਸਾਫ ਰੱਖਣ ਅਤੇ ਪਾਣੀ ਇਕੱਠਾ ਨਾ ਹੋਣ ਦੇਣ। ਇਸ ਦੇ ਨਾਲ ਹੀ ਡੇਂਗੂ ਦੇ ਪ੍ਰਕੋਪ ਤੋਂ ਬਚਾਅ ਦੇ ਲਈ ਸ਼ਹਿਰ ਦੇ ਵਿੱਚ ਫੌਗਿੰਗ ਕਰਵਾਈ ਜਾ ਰਹੀ ਹੈ।
ਬਠਿੰਡਾ
ਜ਼ਿਲ੍ਹਾ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 309 ਕੇਸ ਡੇਂਗੂ ਦੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ 'ਚ 20 ਮਰੀਜ਼ਾਂ ਨੂੰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਪਠਾਨਕੋਟ
ਜੇਕਰ ਗੱਲ ਪਠਾਨਕੋਟ ਦੀ ਕੀਤੀ ਜਾਵੇ ਤਾਂ ਡੇਂਗੂ ਦੇ ਮਾਮਲੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਹਲਕੇ 'ਚ 282 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਬੀਤੇ ਦਿਨੀਂ 55 ਨਵੇਂ ਮਾਮਲੇ ਡੇਂਗੂ ਦੇ ਸਾਹਮਣੇ ਆ ਚੁੱਕੇ ਹਨ। ਇਸ ਦੇ ਚੱਲਦਿਆਂ ਪ੍ਰਸ਼ਾਸਨ ਵਲੋਂ 8 ਬੈਡਾਂ ਦਾ ਇੱਕ ਹੋਰ ਵਾਰਡ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਰਾਹਤ ਦੀ ਗੱਲ ਹੈ ਕਿ ਡੇਂਗੂ ਨਾਲ ਹੁਣ ਤੱਕ ਕਿਸੇ ਦੀ ਮੌਤ ਨਹੀਂ ਹੋਈ।
ਜਲੰਧਰ
ਇਸ ਦੇ ਨਾਲ ਜਲੰਧਰ 'ਚ ਪਿਛਲੇ ਸਾਲ ਤੋਂ ਪ੍ਰਸ਼ਾਸਨ ਨੇ ਸਬਕ ਲਿਆ ਹੈ। ਜਿਸ 'ਚ ਉਨ੍ਹਾਂ ਪਹਿਲਾਂ ਹੀ ਡੇਂਗੂ ਸਬੰਧੀ ਤਿਆਰੀ ਕਰ ਲਈ ਹੈ। ਇਸ ਦੇ ਚੱਲਦਿਆਂ ਜਲੰਧਰ 'ਚ ਹੁਣ ਤੱਕ 24 ਮਾਮਲੇ ਡੇਂਗੂ ਦੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਵਲੋਂ ਵੱਖਰਾ ਡੇਂਗੂ ਵਾਰਡ ਵੀ ਬਣਾਇਆ ਗਿਆ ਹੈ।
ਡੇਂਗੂ ਦੇ ਲੱਛਣ
- ਤੇਜ਼ ਬੁਖਾਰ ਹੋਣਾ: ਜੇਕਰ ਤੁਹਾਨੂੰ ਤੇਜ਼ ਬੁਖਾਰ ਚੜ੍ਹ ਰਿਹਾ ਹੈ ਤਾਂ ਉਹ ਡੇਂਗੂ ਦੇ ਲੱਛਣ ਹੋ ਸਕਦੇ ਹਨ, ਜਿਸ ਸਬੰਧੀ ਤੁਹਾਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
- ਹੱਥਾਂ-ਪੈਰਾਂ 'ਚ ਦਰਦ: ਤੁਹਾਡੇ ਹੱਥਾਂ ਜਾਂ ਪੈਰਾਂ 'ਚ ਦਰਦ ਹੁੰਦਾ ਹੈ ਤਾਂ ਇਹ ਡੇਂਗੂ ਦੇ ਲੱਛਣਾਂ ਦੀ ਨਿਸ਼ਾਨੀ ਹੈ, ਜਿਸ ਸਬੰਧੀ ਤੁਹਾਨੂੰ ਜਾਂਚ ਕਰਵਾਉਣੀ ਚਾਹੀਦੀ ਹੈ।
- ਭੁੱਖ ਨਾ ਲੱਗਣਾ: ਕਈ ਵਾਰ ਜਦੋਂ ਸਾਨੂੰ ਭੁੱਖ ਨਹੀਂ ਲੱਗਦੀ ਤਾਂ ਅਸੀ ਇਸ ਗੱਲ ਨੂੰ ਅਣਗੌਲਿਆ ਕਰ ਦਿੰਦੇ ਹਾਂ ਪਰ ਇਹ ਵੀ ਡੇਂਗੂ ਦੇ ਲੱਛਣਾਂ ਦੀ ਨਿਸ਼ਾਨੀ ਹੈ।
- ਉੱਲਟੀ ਆਉਣਾ: ਜੇਕਰ ਤੁਹਾਨੂੰ ਉਲਟੀਆਂ ਆ ਰਹੀਆਂ ਹਨ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ, ਕਿੳੇੁਂਕਿ ਅਜਿਹਾ ਡੇਂਗੂ ਕਾਰਨ ਹੋ ਸਕਦਾ ਹੈ।
- ਅੱਖਾਂ 'ਚ ਦਰਦ: ਜਦੋਂ ਸਾਡੀਆਂ ਅੱਖਾਂ 'ਚ ਨਿਰੰਤਰ ਦਰਦ ਰਹਿੰਦਾ ਹੈ ਤਾਂ ਅਸੀ ਕਈ ਵਾਰ ਇਸ ਗੱਲ 'ਤੇ ਧਿਆਨ ਨਹੀਂ ਦਿੰਦੇ ਪਰ ਇਹ ਵੀ ਡੇਂਗੂ ਦੇ ਲੱਛਣ ਹੋ ਸਕਦੇ ਹਨ। ਜਿਸ ਦੀ ਜਾਂਚ ਜ਼ਰੂਰੀ ਹੈ।
- ਸਿਰਦਰਦ: ਜਦੋਂ ਸਾਡੇ ਸਿਰਦਰਦ ਹੁੰਦਾ ਹੈ ਤਾਂ ਅਸੀਂ ਕੋਈ ਗੋਲੀ ਖਾ ਕੇ ਉਸ ਨੂੰ ਅਣਗੌਲਿਆ ਕਰ ਦਿੰਦੇ ਹਾ, ਪਰ ਇਸ ਲਈ ਡਾਕਟਰੀ ਜਾਂਚ ਜ਼ਰੂਰੀ ਹੈ, ਕਿਉਂਕਿ ਇਹ ਡੇਂਗੂ ਦੇ ਲੱਛਣ ਹੋ ਸਕਦੇ ਹਨ।
- ਕਮਜ਼ੋਰੀ ਅਤੇ ਜੋੜਾਂ 'ਚ ਦਰਦ: ਜੇਕਰ ਤੁਹਾਡੇ ਸਰੀਰ 'ਚ ਕਮਜ਼ੋਰੀ ਰਹਿੰਦੀ ਹੈ ਅਤੇ ਜੋੜਾਂ 'ਚ ਦਰਦ ਹੁੰਦਾ ਹੈ ਤਾਂ ਉਹ ਡੇਂਗੂ ਦੇ ਲੱਛਣ ਹੋ ਸਕਦੇ ਹਨ।
ਡੇਂਗੂ ਤੋਂ ਬਚਾਅ ਦੇ ਉਪਾਅ
- ਘਰ ਦੇ ਆਲੇ-ਦੁਆਲੇ ਸਫ਼ਾਈ ਰੱਖੋ: ਡੇਂਗੂ ਦੇ ਬਚਾਅ 'ਚ ਅਸਾਨ ਤਰੀਕਾ ਕਿ ਤੁਸੀ ਆਪਣੇ ਘਰ ਦੇ ਆਲੇ-ਦੁਆਲੇ ਸਫ਼ਾਈ ਦਾ ਪੂਰਾ ਧਿਆਨ ਰੱਖੋ। ਇਸ ਨਾਲ ਤੁਸੀਂ ਅਤੇ ਤੁਹਾਡਾ ਪਰਿਵਾਰ ਸੁਰੱਖਿਅਤ ਰਹੇਗਾ।
- ਪੀਣ ਵਾਲੇ ਪਾਣੀ ਨੂੰ ਖੁੱਲ੍ਹਾ ਨਾ ਛੱਡੋ: ਘਰ 'ਚ ਪੀਣ ਵਾਲੇ ਪਾਣੀ ਵਰਤੋ ਕਰਨ ਤੋਂ ਬਾਅਦ ਉਸ ਨੂੰ ਢੱਕ ਕੇ ਰੱਖੋ, ਕਿਉਂਕਿ ਪਾਣੀ ਖੁੱਲ੍ਹਾ ਛੱਡਣ ਨਾਲ ਮੱਛਰ ਪਾਣੀ 'ਚ ਜਾਣ ਦੀ ਸੰਭਾਵਨਾ ਹੁੰਦੀ ਹੈ।
- ਰਾਤ ਨੂੰ ਸੌਂਦੇ ਸਮੇਂ ਅਜਿਹੇ ਕੱਪੜੇ ਪਹਿਨੋ ਜੋ ਸਰੀਰ ਦੇ ਹਰ ਹਿੱਸੇ ਨੂੰ ਢੱਕ ਸਕੇ: ਜਦੋਂ ਤੁਸੀ ਰਾਤ ਨੂੰ ਸੌਂਦੇ ਹੋ ਤਾਂ ਅਜਿਹੇ ਕੱਪੜਿਆਂ ਦੀ ਵਰਤੋਂ ਕਰੋ ਜਿਸ ਨਾਲ ਸਰੀਰ ਸਾਰਾ ਢੱਕ ਹੋ ਜਾਵੇ, ਤਾਂ ਜੋ ਮੱਛਰ ਨਾ ਕੱਟ ਸਕੇ।
- ਮੱਛਰਾਂ ਤੋਂ ਬਚਣ ਲਈ ਕਰੀਮ ਜਾਂ ਤੇਲ ਦਾ ਇਸਤੇਮਾਲ: ਜੇਕਰ ਮੱਛਰਾਂ ਤੋਂ ਬੱਚਣਾ ਹੈ ਤਾਂ ਆਪਣੇ ਸਰੀਰ 'ਤੇ ਕਰੀਮ ਲਗਾਓ ਅਤੇ ਤੇਲ ਨਾਲ ਮਾਲਿਸ਼ ਕਰੋ, ਤਾਂ ਜੋ ਮੱਛਰ ਨਾ ਕੱਟ ਸਕੇ।
- ਠੰਡਾ ਪਾਣੀ ਨਾ ਪੀਓ ਅਤੇ ਬਾਸੀ ਰੋਟੀ ਤੋਂ ਵੀ ਪਰਹੇਜ਼: ਅਜਿਹੇ ਸਮੇਂ 'ਚ ਠੰਡਾ ਪਾਣੀ ਕਦੇ ਵੀ ਨਾ ਪੀਓ ਅਤੇ ਬਾਸੀ ਰੋਟੀ ਖਾਣ ਤੋਂ ਵੀ ਪਰਹੇਜ਼ ਰੱਖੋ, ਜਿਸ ਨਾਲ ਸਰੀਰ ਨੂੰ ਪੂਰੀ ਤਾਕਤ ਮਿਲੇਗੀ।
- ਫਿਲਟਰ ਪਾਣੀ ਦਾ ਇਸਤੇਮਾਲ: ਅਜਿਹੇ ਸਮੇਂ 'ਚ ਪੀਣ ਲਈ ਫਿਲਟਰ ਪਾਣੀ ਦੀ ਵਰਤੋ ਕਰੋ।