ਸ੍ਰੀ ਮੁਕਤਸਰ ਸਾਹਿਬ: ਕੋਰੋਨਾ ਵਾਇਰਸ ਤੋਂ ਬਚਾਅ ਲਈ ਜਿਥੇ ਦੇਸ਼ ਭਰ ਨੂੰ 21 ਦਿਨਾਂ ਲਈ ਲੌਕਡਾਊਨ ਕੀਤਾ ਗਿਆ ਹੈ ਉਥੇ ਹੀ ਇਸ ਲੌਕਡਾਊਨ ਵਿੱਚ ਗ਼ਰੀਬ ਅਤੇ ਦਿਹਾੜੀਦਾਰ ਮਜ਼ਦੂਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗ਼ਰੀਬ ਲੋਕ ਹਫ਼ਤੇ ਤੋਂ ਘਰਾਂ ਵਿੱਚ ਹਨ ਅਤੇ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਉਨ੍ਹਾਂ ਦੇ ਘਰਾਂ ਵਿੱਚ ਜ਼ਰੂਰਤ ਦਾ ਸਮਾਨ ਵੀ ਨਹੀਂ ਹੈ ਜਿਸ ਕਰਕੇ ਉਹ ਰੋਟੀ ਤੋਂ ਮੁਹਤਾਜ ਹੋ ਗਏ ਹਨ।
ਇਸ ਸਬੰਧੀ ਪਿੰਡ ਦੇ ਗ਼ਰੀਬ ਲੋਕਾਂ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਉਹ ਘਰ ਵਿੱਚ ਬੰਦ ਹਨ ਅਤੇ ਉਨ੍ਹਾਂ ਕੋਲ ਖਾਣ ਦਾ ਸਮਾਨ ਵੀ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ। ਸਰਕਾਰ ਤੋਂ ਮੰਗ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਖਾਣ ਦਾ ਪ੍ਰਬੰਧ ਫੌਰੀ ਤੌਰ 'ਤੇ ਕਰੇ ਨਹੀਂ ਉਹ ਕੋਰੋਨਾ ਦੀ ਥਾਂ ਭੁੱਖ ਨਾਲ ਹੀ ਮਰ ਜਾਣਗੇ।
ਇਹ ਵੀ ਪੜ੍ਹੋ: ਅਮਰੀਕਾ ਵਿੱਚ ਹੋ ਸਕਦੀਆਂ ਨੇ 2 ਲੱਖ ਮੌਤਾਂ, ਟਰੰਪ ਨੇ ਸਮਾਜਿਕ ਦੂਰੀ ਦੀ ਤਾਰੀਕ ਵਧਾਈ
ਉਧਰ ਦੂਜੇ ਪਾਸੇ ਪਿੰਡ ਦੇ ਸਰੰਪਚ ਦੇ ਬੇਟੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੋਜ਼ ਪ੍ਰਸ਼ਾਸਨ ਵੱਲੋਂ ਜਾਰੀ ਨੰਬਰਾਂ 'ਤੇ ਫੋਨ ਕੀਤਾ ਜਾਂਦਾ ਹੈ ਪਰ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਸਹੂਲਤ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹਰ ਵਾਰ ਕੋਈ ਬਹਾਨਾ ਲਗਾ ਦਿੱਤਾ ਜਾਂਦਾ ਹੈ ਅਤੇ ਗ਼ਰੀਬਾਂ ਦੀ ਮਦਦ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ।