ਸ੍ਰੀ ਮੁਕਤਸਰ ਸਾਹਿਬ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਦੋ ਦਿਨਾਂ ਦੌਰੇ ’ਤੇ ਹਨ। ਬੁੱਧਵਾਰ ਨੂੰ ਉਹ ਜਲੰਧਰ ਗਏ ਸੀ ਤੇ ਇਥੇ ਉਨ੍ਹਾਂ ਨੇ ਦੋ ਗਰੰਟੀਆਂ ਦਾ ਐਲਾਨ ਕੀਤਾ ਸੀ। ਇਸੇ ਦੌਰੇ ਦੇ ਦੂਜੇ ਤੇ ਆਖਰੀ ਦਿਨ ਅੱਜ ਵੀਰਵਾਰ ਨੂੰ ਉਹ ਬਾਦਲਾਂ ਦੇ ਗੜ੍ਹ ਲੰਬਵੀ ਵਿਖੇ ਸੰਬੋਧਨ ਕਰਨਗੇ। ਇਥੇ ਉਹ ਪਿੰਡ ਖੁੱਡੀਆਂ ਵਿਖੇ ਇੱਕ ਰੈਲੀ ਕਰਨਗੇ। ਇਥੇ ਵੀ ਉਹ ਵੱਡੇ ਐਲਾਨ ਕਰ ਸਕਦੇ ਹਨ। ਹੁਣ ਤੱਕ ਕੇਜਰੀਵਾਲ ਪੰਜਾਬ ਲਈ ਸੱਤ ਗਰੰਟੀਆਂ ਦੇ ਚੁੱਕੇ ਹਨ।
ਤਿਰੰਗਾ ਯਾਤਰਾ ਰਾਹੀਂ ਜਲੰਧਰ ’ਚ ਕੀਤਾ ਸੀ ਪ੍ਰਚਾਰ
ਤਿਰੰਗਾ ਯਾਤਰਾ (Tiranga Yatra) ਨਾਂ ਤਹਿਤ ਕੱਢੀ ਗਈ ਇਸ ਰੈਲੀ ਦੀ ਖਾਸੀਅਤ ਇਹ ਰਹੀ ਕਿ ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਲਈ ਦੋ ਹੋਰ ਗਰੰਟੀਆਂ (Kejriwal's Jallandhar Guarantees) ਦਾ ਐਲਾਨ ਕੀਤਾ।
ਖਿਡਾਰੀਆਂ ਤੇ ਐਨਆਰਆਈਜ਼ ਨੂੰ ਲੁਭਾਉਣ ਦੀ ਕੋਸ਼ਿਸ਼
ਉਨ੍ਹਾਂ ਵਿਸ਼ਵ ਪੱਧਰੀ ਸਪੋਰਸਟ ਹੱਬ ਕਹੀ ਜਾਂਦੇ ਜਲੰਧਰ ਸ਼ਹਿਰ ਵਿੱਚ ਵਿਸ਼ਵ ਪੱਧਰੀ ਸਪੋਰਸਟ ਯੂਨੀਵਰਸਿਟੀ (Sports University)ਬਣਾਉਣ ਦੀ ਗਰੰਟੀ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਉਣ ’ਤੇ ਜਲੰਧਰ ਵਿੱਖੇ ਕੌਮਾਂਤਰੀ ਹਵਾਈ ਅੱਡਾ(International Airport) ਉਸਾਰਿਆ ਜਾਵੇਗਾ। ਇਸ ਦੌਰਾਨ ਕੇਜਰੀਵਾਲ ਨਾਲ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਤੇ ਪੰਜਾਬ ਇੰਚਾਰਜ ਜਰਨੈਲ ਸਿੰਘ ਤੋਂ ਇਲਾਵਾ ਸਹਿ ਇੰਚਾਰਜ ਰਾਘਵ ਚੱਡਾ ਮੌਜੂਦ ਸੀ।
ਪਹਿਲਾਂ ਦੇ ਚੁੱਕੇ ਹਨ ਪੰਜ ਗਰੰਟੀਆਂ
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਮੁੱਖ ਮੰਤਰੀ ਕੇਜਰੀਵਾਲ ਪੰਜਾਬ ਦੌਰੇ ’ਤੇ ਆਏ ਸਨ ਤਾਂ ਉਨ੍ਹਾਂ ਨੇ ਲੋਕਾਂ ਨੂੰ ਹੋਰ ਕਈ ਗਰੰਟੀਆਂ ਦਿੱਤੀਆਂ ਸੀ। ਪਹਿਲਾਂ ਉਹ ਪੰਜ ਗਰੰਟੀਆਂ ਦੇ ਚੁੱਕੇ ਹਨ ਤੇ ਹੁਣ ਜਲੰਧਰ ਤਿਰੰਗਾ ਯਾਤਰਾ ਦੌਰਾਨ ਦੋ ਹੋਰ ਗਰੰਟੀਆਂ ਦਿੱਤੀਆਂ ਹਨ। ਜਿਕਰਯੋਗ ਹੈ ਕਿ ਜਲੰਧਰ ਵਿਖੇ ਸਪੋੇਰਟਸ ਯੂਨੀਵਰਸਿਟੀ ਤੇ ਕੌਮਾਂਤਰੀ ਹਵਾਈ ਅੱਡੇ ਦੀ ਵਖਰੀ ਅਹਿਮੀਅਤ ਹੈ।
ਜਲੰਧਰ ਗਰੰਟੀਆਂ ਪਿੱਛੇ ਮਕਸਦ
ਬੁੱਧਵਾਰ ਨੂੰ ਦਿੱਤੀਆਂ ਦੋ ਗਰੰਟੀਆਂ ਪਿੱਛੇ ਮਕਸਦ ਇਹ ਹੈ ਕਿ ਜਿਥੇ ਜਲੰਧਰ ਵਿਖੇ ਦੁਨੀਆ ਭਰ ਨੂੰ ਖੇਡਾਂ ਸਬੰਧੀ ਸਾਮਾਨ ਤਿਆਰ ਕਰਕੇ ਭੇਜਿਆ ਜਾਂਦਾ ਹੈ, ਉਥੇ ਦੋਆਬੇ ਵਿੱਚ ਐਨਆਰਆਈਜ਼ ਦੀ ਗਿਣਤੀ ਸਭ ਤੋਂ ਵੱਧ ਹੈ ਤੇ ਜੇਕਰ ਕੌਮਾਂਤਰੀ ਹਵਾਈ ਅੱਡਾ ਬਣਦਾ ਹੈ ਤਾਂ ਐਨਆਰਆਈਜ਼ ਨੂੰ ਵਿਦੇਸ਼ਾਂ ਤੋਂ ਪੰਜਾਬ ਆਉਣਾ-ਜਾਣਾ ਹੋਰ ਸੁਖਾਲਾ ਹੋ ਜਾਵੇਗਾ। ਅਜੇ ਤੱਕ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਦਿੱਲੀ ਏਅਰਪੋਰਟ ਆਉਣਾ ਪੈਂਦਾ ਹੈ ਤੇ ਜਾਂ ਫੇਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੁਝ ਕੁ ਉਡਾਨਾਂ ਹਨ ਪਰ ਵਧੇਰੇ ਕਰਕੇ ਦਿੱਲੀ ਤੋਂ ਹੀ ਪੰਜਾਬ ਪੁੱਜਿਆ ਜਾਂਦਾ ਹੈ। ਅਜਿਹੇ ਵਿੱਚ ਖੇਡਾਂ ਤੇ ਐਨਆਰਆਈਜ਼ ਨਾਲ ਜੁੜੇ ਦੋਆਬੇ ਦੇ ਜਲੰਧਰ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਨੇ ਇਨ੍ਹਾਂ ਦੋ ਗਰੰਟੀਆਂ ਨਾਲ ਇਨ੍ਹਾਂ ਖਿੱਤਿਆਂ ਨੂੰ ਰਿਝਾਉਣ ਦੀ ਕੋਸ਼ਿਸ਼ ਕੀਤੀ ਹੈ।
ਇਹ ਹਨ ਕੇਜਰੀਵਾਲ ਦੇ ਪਹਿਲੇ ਐਲਾਨ ਤੇ ਗਰੰਟੀਆਂ
- ਪਹਿਲੀ ਗਰੰਟੀ ਮੁਫਤ ਬਿਜਲੀ-ਕੇਜਰੀਵਾਲ ਨੇ ਸਭ ਤੋਂ ਪਹਿਲਾਂ 300 ਯੁਨਿਟ ਮੁਫਤ ਬਿਜਲੀ ਦੀ ਗਰੰਟੀ ਦਿੱਤੀ ਸੀ ਪਰ ਕਾਂਗਰਸ ਸਰਕਾਰ ਨੇ 200 ਯੂਨਿਟ ਬਿਜਲੀ ਮਾਫ ਕਰ ਦਿੱਤੀ ਸੀ, ਇਹੋ ਨਹੀਂ ਬਕਾਇਆ ਬਿਲ ਵੀ ਮਾਫ ਕਰ ਦਿੱਤੇ ਗਏ ਸੀ।
- ਦੂਜੀ ਗਰੰਟੀ ਮੁਫਤ ਸਿਹਤ ਸਹੂਲਤ-ਬਿਜਲੀ ਮੁੱਦਾ ਕਾਂਗਰਸ ਵੱਲੋਂ ਖੋਹਣ ਉਪਰੰਤ ਆਮ ਆਦਮੀ ਪਾਰਟੀ ਨੇ ਮੁਫਤ ਸਿਹਤ ਸਹੂਲਤ ਦੀ ਗਰੰਟੀ ਦਿੱਤੀ। ਹਾਲਾਂਕਿ ਇਸ ਮੁੱਦੇ ’ਤੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਨੂੰ ਬਹੁਤੀ ਮਾਤ ਨਹੀਂ ਦੇ ਪਾਈ ਪਰ ਫੇਰ ਵੀ ਕਿਹਾ ਗਿਆ ਕਿ ਮੁਫਤ ਸਿਹਤ ਸਹੂਲਤ ਪਹਿਲਾਂ ਤੋਂ ਜਾਰੀ ਹੈ।
- ਤੀਜੀ ਗਰੰਟੀ ਮਹਿਲਾਵਾਂ ਲਈ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ-ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿੱਚ ਐਲਾਨਾਂ, ਵਾਅਦਿਆਂ ਤੇ ਕੰਮਾਂ ਵਿੱਚ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਦੇ ਦੌਰਾਨ ਕੇਜਰੀਵਾਲ ਨੇ ਪੰਜਾਬ ਵਿੱਚ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਐਲਾਨ ਕੀਤਾ। ਇਸ ’ਤੇ ਕਾਂਗਰਸ ਤੇ ਅਕਾਲੀ ਦਲ ਨੇ ‘ਆਪ’ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਭਿਖਾਰੀ ਨਹੀਂ ਹਨ, ਉਨ੍ਹਾਂ ਨੂੰ ਖੈਰਾਤ ਨਹੀਂ ਕੰਮ ਚਾਹੀਦਾ ਹੈ।
- ਚੌਥੀ ਗਰੰਟੀ ’ਚ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ 24 ਲੱਖ ਗਰੀਬ ਬੱਚਿਆਂ ਨੂੰ ਸਰਕਾਰੀ ਸਕੂਲ ‘ਚ ਬਿਹਤਰ ਸਿੱਖਿਆ ਦਿੱਤੀ ਜਾਵੇਗੀ। ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ। ਪੰਜਾਬ ‘ਚ ਨਵੇਂ ਸਕੂਲਾਂ ਦਾ ਨਿਰਮਾਣ ਕੀਤਾ ਜਾਵੇਗਾ।-ਪੰਜਾਬ ਵਿੱਚ ਅਧਿਆਪਕਾਂ ਤੇ ਸਕੂਲਾਂ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਸੀ। ਬੇਰੁਜਗਾਰ ਅਧਿਾਪਕ ਤੇ ਹੋਰ ਕੱਚੇ ਮੁਲਾਜਮ ਹੜਤਾਲ ਕਰ ਰਹੇ ਸੀ। ਇਸੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਸਿੱਖਿਆ ਤੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਮੁੱਦੇ ’ਤੇ ਗਰੰਟੀ ਦਿੱਤੀ। ਇਸ ਮੁੱਦੇ ’ਤੇ ਸਿੱਖਿਆ ਮੰਤਰੀ ਪਰਗਟ ਸਿੰਘ ਤੇ ਅਰਵਿੰਦ ਕੇਜਰੀਵਾਲ ਵਿਚਾਲੇ ਕਾਫੀ ਬਹਿਸ ਵੀ ਛਿੜੀ ਰਹੀ।
- ਪੰਜਵੀਂ ਗਰੰਟੀ ਬਾਰਡਰ ’ਤੇ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਸਨਮਾਨ ਰਾਸ਼ੀ-ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨਾਲ ਵਾਅਦਿਆਂ ਦੇ ਨਾਮ ’ਤੇ ਪੰਜਵੀ ਗਰੰਟੀ ਕੋਈ ਜਵਾਨ ਸ਼ਹੀਦ ਹੋਣ ’ਤੇ ਉਸ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਸਨਮਾਨ ਰਾਸ਼ੀ ਦਾ ਐਲਾਨ ਵੀ ਕੀਤਾ। ਜਿਕਰਯੋਗ ਹੈ ਕਿ ਸਰਹੱਦਾਂ ’ਤੇ ਵਧੇਰੇ ਕਰਕੇ ਪੰਜਾਬੀ ਨੌਜਵਾਨ ਹੀ ਰਾਖੀ ਕਰ ਰਹੇ ਹਨ ਤੇ ਸ਼ਹੀਦ ਹੁੰਦੇ ਹਨ, ਅਜਿਹੇ ਵਿੱਚ ਆਮ ਆਦਮੀ ਪਾਰਟੀ ਲਈ ਫੌਜੀ ਤਬਕੇ ਨੂੰ ਰਿਝਾਉਣਾ ਵੀ ਸਮੇਂ ਦੀ ਲੋੜ ਸੀ।
ਤੂ ਡਾਲ-ਡਾਲ, ਮੈਂ ਪਾਤ-ਪਾਤ
ਦੱਸ ਦਈਏ ਕਿ ਐਲਾਨਾਂ ਅਤੇ ਵਾਅਦਿਆਂ ਦੇ ਦੌਰ ਵਿੱਚ ਹਰੇਕ ਪਾਰਟੀ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਇਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਕਲੀ ਕੇਜਰੀਵਾਲ ਕਹਿਣ ਲੱਗ ਪਏ ਹਨ ਤੇ ਕਹਿ ਰਹੇ ਹਨ ਕਿ ਉਹ ਸਿਰਫ ਐਲਾਨ ਕਰਦੇ ਹਨ ਨਾ ਕਿ ਕੰਮ। ਭਾਵੇਂ ਆਮ ਆਦਮੀ ਪਾਰਟੀ ਵੱਡੇ ਐਲਾਨ ਕੀਤੇ ਜਾ ਰਹੇ ਹਨ ਪਰ ਸੱਤਾ ਧਿਰ ਵੀ ਦੁਬਾਰਾ ਸਰਕਾਰ ਬਣਾਉਣ ਲਈ ਪੰਜਾਬ ਦੀ ਜਨਤਾ ਲਈ ਵੱਡੇ ਫੈਸਲੇ ਲੈ ਰਹੀ ਹੈ। ਇਹੋ ਨਹੀਂ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਅਜਿਹੇ ਵਿੱਚ ਵੇਖਣਾ ਇਹ ਹੈ ਕਿ ਸੱਤਾ ਕਿਸ ਦੇ ਹੱਥ ਆਉਂਦੀ ਹੈ।
ਇਹ ਵੀ ਪੜ੍ਹੋ:ਰਾਏਕੋਟ ’ਚ ਸਿੱਧੂ ਦੀ ਚੋਣ ਰੈਲੀ, ਕਿਹਾ-ਚੋਰ ਭਜਾਓ, ਇਮਾਨਦਾਰ ਲਿਆਓ