ਸ੍ਰੀ ਮੁਕਤਸਰ ਸਾਹਿਬ: ਸੋਮਵਾਰ ਨੂੰ ਆਮ ਆਦਮੀ ਪਾਰਟੀ ਨੇ ਮਹਿੰਗਾਈ ਖ਼ਿਲਾਫ਼ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਮੁਕਤਸਰ ਦੇ ਆਪ ਆਗੂਆਂ ਨੇ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਪੁਤਲਾ ਅਤੇ ਬਿਜਲੀ ਦੇ ਬਿੱਲ ਫੂਕੇ। ਇਸ ਤੋਂ ਬਾਅਦ ਉਨ੍ਹਾਂ ਨੇ ਤਹਿਸੀਲਦਾਰ ਜੈਸਕ ਕੁਮਾਰ ਨੂੰ ਸਰਕਾਰ ਦੇ ਨਾਮ ਮੰਗ ਪੱਤਰ ਵੀ ਸੌਂਪਿਆ।
ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਆਪ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ, ਹਲਕਾ ਪ੍ਰਧਾਨ ਜਗਦੀਪ ਸਿੰਘ 'ਕਾਕਾ ਬਰਾੜ', ਇਕਬਾਲ ਸਿੰਘ ਖਿੜਕੀਆਂਵਾਲਾ ਤੇ ਕਾਰਜ ਮਿੱਢਾ ਨੇ ਆਖਿਆ ਕਿ ਪੈਟਰੋਲ, ਡੀਜਲ ਅਤੇ ਪਿਆਜ਼ ਦੀ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਸਰਕਾਰਾਂ ਇਸ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕ ਰਹੀਆਂ।
ਇਸ ਦੇ ਨਾਲ ਹੀ ਆਪ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਹਿੰਗਾਈ ਨੂੰ ਕਾਬੂ ਕਰਨ ਲਈ ਸਰਕਾਰ ਜਲਦੀ ਤੋਂ ਜਲਦੀ ਜ਼ਰੂਰੀ ਕਦਮ ਚੁੱਕੇ। ਉਨ੍ਹਾਂ ਇਹ ਵੀ ਕਿਹਾ ਪੰਜਾਬ ਸਰਕਾਰ ਡੀਜ਼ਲ ਅਤੇ ਪੈਟਰੋਲ 'ਤੇ ਸੂਬੇ ਦੇ ਹਿੱਸੇ ਦੇ ਵੈਟ 'ਚ ਤੁਰੰਤ ਛੋਟ ਦੇਣ ਦਾ ਐਲਾਨ ਕਰੇ।
ਇਹ ਵੀ ਪੜ੍ਹੋ: ਕਰਨਾਟਕਾ ਜ਼ਿਮਨੀ ਚੋਣਾਂ ਰੁਝਾਨਾਂ ਵਿੱਚ ਭਾਜਪਾ ਨੇ ਹੂੰਝੀਆਂ ਸੀਟਾਂ, ਕਾਂਗਰਸ ਨੇ ਮੰਨੀ ਹਾਰ
ਹੋਰ ਬੋਲਦਿਆਂ ਉਨ੍ਹਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਵੱਲੋਂ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਮਹਿੰਗੇ ਅਤੇ ਇੱਕ ਤਰਫ਼ਾ ਸਮਝੌਤੇ ਰੱਦ ਕਰਕੇ ਬਿਜਲੀ ਸਸਤੀ ਕੀਤੀ ਜਾਵੇ, ਭ੍ਰਿਸ਼ਟਾਚਾਰੀਆਂ ਅਤੇ ਜਮਾਂਖੋਰਾਂ 'ਤੇ ਨੱਥ ਪਾਈ ਜਾਵੇ, ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਸੇਧ ਲੈ ਕੇ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਅਤੇ ਸਿੱਖਿਆ ਸੰਸਥਾਨਾਂ ਦਾ ਮਿਆਰ ਉੱਚਾ ਚੁੱਕ ਕੇ ਆਮ ਲੋਕਾਂ ਨੂੰ ਪ੍ਰਾਈਵੇਟ ਸਕੂਲਾਂ ਅਤੇ ਹਸਪਤਾਲਾਂ ਦੀ ਲੁੱਟ ਤੋਂ ਨਿਜਾਤ ਦੁਆਈ ਜਾਵੇ।