ਹੈਦਰਾਬਾਦ ਡੈਸਕ: ਪੰਜਾਬ ਦੀਆਂ ਚਾਰ ਸੀਟਾਂ ਉੱਤੇ ਵੋਟਿੰਗ ਡੇਅ ਦਾ ਇੰਤਜਾਰ ਹੁਣ ਖ਼ਤਮ ਹੋ ਗਿਆ ਹੈ, ਅੱਜ ਯਾਨੀ ਬੁੱਧਵਾਰ ਨੂੰ ਵੋਟਿੰਗ ਹੋ ਰਹੀ ਹੈ। ਇਸ ਜ਼ਿਮਨੀ ਚੋਣ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਸੀਟ ਸੁਰਖੀਆਂ ਵਿੱਚ ਹੈ। ਇਸ ਦਾ ਕਾਰਨ ਇਹ ਹੈ ਕਿ ਮੌਜੂਦਾ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਇੱਥੋਂ ਜ਼ਿਮਨੀ ਚੋਣ ਲੜ ਰਹੀ ਹੈ। ਚੋਣ ਪ੍ਰਚਾਰ ਦਰਮਿਆਨ ਰੰਧਾਵਾ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਚਾਲੇ ਸ਼ਬਦੀ ਜੰਗ ਵੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ।
ਦਿੱਗਜ ਬਚਾਉਣਾ ਚਾਹੁੰਦੇ ਸੀਟ
'ਆਪ' ਨੇ ਡੇਰਾ ਬਾਬਾ ਨਾਨਕ ਸੀਟ 'ਤੇ ਕਾਂਗਰਸੀ ਸੰਸਦ ਮੈਂਬਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਦੇ ਮੁਕਾਬਲੇ ਪੁਰਾਣੇ ਚਿਹਰੇ ਗੁਰਦੀਪ ਸਿੰਘ ਰੰਧਾਵਾ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਰਵੀਕਰਨ ਸਿੰਘ ਕਾਹਲੋਂ ਨੂੰ ਟਿਕਟ ਦਿੱਤੀ ਹੈ, ਜੋ ਅਕਾਲੀ ਦਲ ਛੱਡ ਕੇ ਸਿਆਸੀ ਦਿੱਗਜ ਕਾਹਲੋਂ ਪਰਿਵਾਰ ਨਾਲ ਸਬੰਧਤ ਹਨ। ਅਕਾਲੀ ਦਲ ਇਸ ਵਾਰ ਜ਼ਿਮਨੀ ਚੋਣ ਨਹੀਂ ਲੜ ਰਿਹਾ।
ਅਕਾਲੀ ਦਲ ਦੀ ਵੋਟ ਬੈਂਕ
ਅਕਾਲੀ ਦਲ ਭਾਵੇਂ ਚੋਣ ਮੈਦਾਨ ਵਿੱਚ ਨਾ ਆਵੇ, ਪਰ ਜਿੱਤ-ਹਾਰ ਵਿੱਚ ਉਨ੍ਹਾਂ ਦੇ ਵੋਟ ਬੈਂਕ ਦੀ ਭੂਮਿਕਾ ਅਹਿਮ ਹੋਵੇਗੀ। ਦਰਅਸਲ, ਪਿਛਲੀਆਂ 3 ਵਿਧਾਨ ਸਭਾ ਚੋਣਾਂ ਵਿੱਚ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਦਰਮਿਆਨ ਸੀ ਜਿਸ ਵਿੱਚ ਜਿੱਤ-ਹਾਰ ਦਾ ਅੰਤਰ ਵੀ 400 ਤੋਂ 3 ਹਜ਼ਾਰ ਦਾ ਰਿਹਾ ਹੈ। ਅਕਾਲੀ ਦਲ ਨੂੰ 50 ਹਜ਼ਾਰ ਤੋਂ ਵੱਧ ਵੋਟਾਂ ਮਿਲ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਅਕਾਲੀ ਦਲ ਦੇ ਵੋਟ ਬੈਂਕ ਪ੍ਰਭਾਵਿਤ ਕਰ ਸਕਦੇ ਹਨ।
ਸਿਆਸੀ ਸਮੀਕਰਨ
ਇਸ ਸੀਟ 'ਤੇ ਸਾਲ 1951 ਤੋਂ ਸਾਲ 2022 ਤੱਕ 14 ਵਾਰ ਚੋਣਾਂ ਹੋ ਚੁੱਕੀਆਂ ਹਨ ਜਿਸ ਵਿੱਚੋਂ 9 ਵਾਰ ਕਾਂਗਰਸ ਅਤੇ 5 ਵਾਰ ਅਕਾਲੀ ਦਲ ਜੇਤੂ ਰਿਹਾ ਹੈ। ਸੁਖਜਿੰਦਰ ਰੰਧਾਵਾ ਇਸ ਸੀਟ ਤੋਂ 2012 ਤੋਂ ਲਗਾਤਾਰ ਜਿੱਤਦੇ ਆ ਰਹੇ ਹਨ, ਪਰ ਜਿੱਤ ਦਾ ਫ਼ਰਕ ਤਿੰਨੋਂ ਵਾਰ ਘਟਦਾ ਰਿਹਾ। 2022 ਦੀਆਂ ਚੋਣਾਂ ਵਿੱਚ ਜਿੱਤ ਦਾ ਫਰਕ ਸਿਰਫ਼ 466 ਵੋਟਾਂ ਦਾ ਸੀ।
1980 ਤੋਂ ਇਸ ਸੀਟ 'ਤੇ ਸਿਰਫ਼ ਦੋ ਪਰਿਵਾਰਾਂ ਦਾ ਹੀ ਕਬਜ਼ਾ ਰਿਹਾ ਹੈ, ਕਾਂਗਰਸ ਦੇ ਰੰਧਾਵਾ ਅਤੇ ਅਕਾਲੀ ਦਲ ਦੇ ਕਾਹਲੋਂ ਪਰਿਵਾਰ। ਇਸ ਵਾਰ ਰੰਧਾਵਾ ਪਰਿਵਾਰ ਦੀ ਨੂੰਹ ਯਾਨੀ ਸੁਖਜਿੰਦਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਚੋਣ ਮੈਦਾਨ ਵਿੱਚ ਹੈ। ਕਾਹਲੋਂ ਪਰਿਵਾਰ ਦੇ ਰਵੀਕਰਨ ਸਿੰਘ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਹਨ, ਜਦਕਿ ਅਕਾਲੀ ਦਲ ਨੇ ਪਹਿਲਾਂ ਹੀ ਚੋਣ ਨਾ ਲੜਨ ਦਾ ਐਲਾਨ ਕੀਤਾ ਹੋਇਆ ਹੈ।
'ਆਪ' ਢਾਈ ਸਾਲ ਦੇ ਕਾਰਜਕਾਲ ਲਈ ਮੰਗੀ ਵੋਟ
ਆਮ ਆਦਮੀ ਪਾਰਟੀ ਨੇ ਗੁਰਦੀਪ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਹੈ। ਸੀਐਮ ਭਗਵੰਤ ਮਾਨ ਦੋ ਵਾਰ ਅਤੇ ਅਰਵਿੰਦ ਕੇਜਰੀਵਾਲ ਇੱਕ ਵਾਰ ਵੋਟਾਂ ਮੰਗਣ ਲਈ ਇਲਾਕੇ ਵਿੱਚ ਆ ਚੁੱਕੇ ਹਨ। ਗੁਰਦੀਪ ਸਿੰਘ ਰੰਧਾਵਾ ਵੀ ਪਾਰਟੀ ਦੇ ਢਾਈ ਸਾਲ ਦੇ ਕਾਰਜਕਾਲ ਦੇ ਆਧਾਰ 'ਤੇ ਵੋਟਾਂ ਮੰਗ ਰਹੇ ਹਨ।
ਭਾਜਪਾ ਦਾ ਵਿਰੋਧ ਕਰ ਰਹੇ ਕਿਸਾਨ
ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਕਾਹਲੋਂ ਪਰਿਵਾਰ ਦੇ ਪੁੱਤਰ ਰਵੀ ਕਰਨ ਸਿੰਘ ਚੋਣ ਮੈਦਾਨ ਵਿੱਚ ਹਨ। ਇਸ ਸਮੇਂ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਕਿਸਾਨ ਹਨ। ਕਾਹਲੋਂ ਜਿੱਥੇ ਵੀ ਚੋਣ ਪ੍ਰਚਾਰ ਕਰਨ ਜਾਂਦੇ ਹਨ, ਕਿਸਾਨ ਆਗੂ ਉਸ ਦਾ ਵਿਰੋਧ ਕਰਦੇ ਹਨ। ਰਵੀਕਰਨ ਸਿੰਘ ਕਾਹਲੋਂ ਕਿਸਾਨਾਂ ਨਾਲ ਵਾਅਦਾ ਕਰ ਰਹੇ ਹਨ ਕਿ ਜੇਕਰ ਉਹ ਜਿੱਤ ਗਏ, ਤਾਂ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਕੇਂਦਰ ਤੱਕ ਲੈ ਕੇ ਜਾਣਗੇ।