ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਨੇੜਲੇ ਪਿੰਡ ਥਰਾਜਵਾਲਾ ਵਿਖੇ ਇੱਕ ਨੌਜਵਾਨ ਦਾ ਉਸ ਦੇ ਹੀ ਦੋਸਤਾਂ ਵੱਲੋਂ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਮ੍ਰਿਤਕ ਦੀ ਪਛਾਣ ਅਕਾਸ਼ਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਫੌਜੀ ਸੀ ਅਤੇ ਉਹ ਛੁੱਟੀ 'ਤੇ ਘਰ ਆਇਆ ਸੀ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਗਿੱਦੜਬਾਹਾ ਦੇ ਐਸਐਚਓ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਨੌਜਵਾਨ ਦਾ ਕਤਲ ਹੋਣ ਦੀ ਸੂਚਨਾ ਮਿਲੀ ਸੀ। ਇਸ ਦੀ ਜਾਂਚ ਲਈ ਉਹ ਟੀਮ ਨਾਲ ਪਿੰਡ ਪੁੱਜੇ ਤੇ ਵਾਰਦਾਤ ਵਾਲੀ ਥਾਂ 'ਤੇ ਜਾਂਚ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ਮੁਤਾਬਕ ਅਕਾਸ਼ਦੀਪ ਬੀਤੇ ਤਿੰਨ ਸਾਲਾਂ ਤੋਂ ਫੌਜ ਵਿੱਚ ਸੇਵਾਵਾਂ ਨਿਭਾ ਰਿਹਾ ਸੀ। ਬੀਤੇ ਦਿਨੀਂ ਉਹ ਛੁੱਟੀ 'ਤੇ ਘਰ ਆਇਆ ਸੀ। ਉਸ ਨੇ ਨਵਾਂ ਬੁਲਟ ਮੋਟਰਸਾਈਕਲ ਖਰੀਦੀਆ ਸੀ। ਮੋਟਰਸਾਈਕਲ ਖਰੀਦਣ ਦੀ ਖੁਸ਼ੀ 'ਚ ਉਸ ਦੇ ਦੋਸਤਾਂ ਨੇ ਉਸ ਕੋਲੋਂ ਪਾਰਟੀ ਮੰਗੀ। ਅਕਾਸ਼ਦੀਪ ਆਪਣੇ ਦੋਸਤਾਂ ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਰੌਬਿਨ ਸਿੰਘ ਅਤੇ ਸੰਨੀ ਨਾਲ ਗਿੱਦੜਬਾਹਾ ਦੇ ਲੰਬੀ ਫਾਟਕ ਨੇੜੇ ਇਕ ਚਿਕਨ ਸੈਂਟਰ ਵਿਖੇ ਪਾਰਟੀ ਕਰਨ ਗਿਆ ਸੀ। ਇਸ ਦੌਰਾਨ ਉਸ ਦੀ ਦੋਸਤਾਂ ਵਿਚਾਲੇ ਖਾਣ-ਪੀਣ ਨੂੰ ਲੈ ਕੇ ਆਪਸੀ ਤਕਰਾਰ ਹੋ ਗਈ। ਇਸ ਮਗਰੋਂ ਹਰਪ੍ਰੀਤ ਸਿੰਘ ਪਾਰਟੀ ਵਿਚਾਲੇ ਛੱਡ ਕੇ ਪਿੰਡ ਨੂੰ ਚਲਾ ਗਿਆ। ਜਦੋਂ ਕੁੱਝ ਸਮੇਂ ਬਾਅਦ ਅਕਾਸ਼ਦੀਪ ਆਪਣੇ ਹੋਰ ਦੋਸਤਾਂ ਨਾਲ ਪਿੰਡ ਨੇੜੇ ਪੁੱਜਿਆ ਤਾਂ ਉਥੇ ਰਾਹ 'ਚ ਹਰਪ੍ਰੀਤ ਸਿੰਘ ਨੇ ਉਸ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਢਿੱਡ ਵਿੱਚ ਲਗਾਤਾਰ ਕਈ ਵਾਰ ਕੀਤੇ ਜਾਣ ਕਾਰਨ ਅਕਾਸ਼ਦੀਪ ਗੰਭੀਰ ਜ਼ਖਮੀ ਹੋ ਗਿਆ। ਅਕਾਸ਼ਦੀਪ ਨੂੰ ਇਲਾਜ ਲਈ ਮਿਲਟਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਜਾਰੀ ਹੈ। ਉਨ੍ਹਾਂ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਉਸ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ : ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ