ਸ੍ਰੀ ਮੁਕਤਸਰ ਸਾਹਿਬ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਗਿੱਦੜਬਾਹਾ ਵਿੱਚ ਕਿਸਾਨਾਂ ਵੱਲੋਂ ਗਿੱਦੜਬਾਹਾ ਬਠਿੰਡਾ ਨੈਸ਼ਨਲ ਹਾਈਵੇਅ ਦੇ ਉੱਤੇ ਬੈਠ ਕੇ ਖਾਲੀ ਸਿਲੰਡਰ ਰੱਖ ਕੇ ਵਧ ਰਹੇ ਤੇਲ ਡੀਜ਼ਲ ਪੈਟਰੋਲ ਰਸੋਈ ਗੈਸ ਦੀ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਦਿੱਤਾ ਗਿਆ ਸੀ ਕਿ ਦੋ ਘੰਟਿਆਂ ਲਈ ਸੜਕਾਂ ਉੱਤੇ ਆ ਕੇ ਇਹ ਸਿਲੰਡਰ ਰੱਖ ਕੇ ਸਰਕਾਰ ਵਿਰੁੱਧ ਵਧ ਰਹੀ ਮਹਿੰਗਾਈ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਵਧ ਰਹੀ ਮਹਿੰਗਾਈ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਗਿੱਦੜਬਾਹਾ ਬਠਿੰਡਾ ਹਾਈਵੇਅ ਦੇ ਉੱਤੇ ਪਹੁੰਚ ਕੇ ਮਹਿੰਗਾਈ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ।
ਇਸ ਦੌਰਾਨ ਕਿਸਾਨਾਂ ਵੱਲੋਂ ਕੇਂਦਰ ਖਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਵੱਲੋਂ ਲੋਕਾਂ ਲਈ ਮਾੜੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਜਿਸ ਕਰਕੇ ਆਮ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਕੇਂਦਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਵਧ ਰਹੀ ਮਹਿੰਗਾਈ ਤੇ ਤੇਲ ਕੀਮਤ ਨੂੰ ਜਲਦ ਠੱਲ ਨਾ ਪਾਈ ਗਈ ਤਾਂ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਕੇਂਦਰ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਹ ਵੀ ਪੜ੍ਹੋ: ਮਹਿੰਗਾਈ ਖਿਲਾਫ਼ ਕਿਸਾਨਾਂ ਨੇ ਕੀਤਾ ਮੋਦੀ ਸਰਕਾਰ ਦਾ ਪਿੱਟ-ਸਿਆਪਾ