ਫ਼ਿਰੋਜਪੁਰ: ਪਿੰਡ ਚੱਕ ਖੁੰਦਰ ਤੋਂ 4 ਸਾਲ ਦੇ ਇੱਕ ਮਾਸੂਮ ਬੱਚੇ ਏਕਮਜੀਤ ਨੇ ਅਣਜਾਣੇ 'ਚ ਕਾਰ-ਰਿਮੋਟ ਵਾਲਾ ਸੈੱਲ, ਮੂੰਹ ਰਾਹੀਂ ਅੰਦਰ ਲੰਘਾ ਲਿਆ ਹੈ। ਇਸ ਬੱਚੇ ਨੂੰ ਜ਼ਿਲ੍ਹਾ ਫ਼ਿਰੋਜਪੁਰ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ ਵਾਸਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ 'ਤੇ ਦੋਸ਼ ਲੱਗਾ ਹੈ ਕਿ ਉਕਤ ਡਾਕਟਰ ਨੇ ਬੱਚੇ ਦੇ ਪੇਟ ਵਿੱਚੋਂ ਰਿਮੋਟ ਦਾ ਸੈਲ ਬਾਹਰ ਕੱਢਣ ਤੋਂ ਬਿਨ੍ਹਾਂ ਹੀ ਬੱਚੇ ਦੇ ਪਿਤਾ ਤੋਂ ਪੈਸੇ ਵੀ ਲੈ ਲਏ ਅਤੇ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ। ਜਿਸ ਨਾਲ ਬੱਚੇ ਦੀ ਜਾਨ ਲਈ ਖਤਰਾ ਬਣ ਗਿਆ।
ਬੱਚੇ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਘਰ ਵਾਪਿਸ ਪਹੁੰਚੇ ਤਾਂ ਬੱਚੇ ਦੀ ਹਾਲਤ ਖ਼ਰਾਬ ਹੋ ਗਈ। ਬੱਚੇ ਨੂੰ ਐਮਰਜੇਂਸੀ ਹਾਲਤ 'ਚ ਫ਼ਿਰੋਜਪੁਰ ਦੇ ਇੱਕ ਹਸਪਤਾਲ ਲਿਜਾਇਆ ਗਿਆ ਤਾਂ ਐਕਸ-ਰੇ ਵਿੱਚ ਪਤਾ ਲੱਗਿਆ ਕਿ ਰਿਮੋਟ ਦਾ ਸੈਲ ਬੱਚੇ ਦੇ ਪੇਟ 'ਚ ਹੀ ਹੈ। ਜਦੋਂ ਕਿ ਮੁਕਤਸਰ ਸਾਹਿਬ ਦੇ ਡਾਕਟਰ ਸੁਧੀਰ ਰਾਜ ਨੇ ਕਿਹਾ ਸੀ ਕਿ ਬਾਹਰ ਕੱਢਣ ਦੌਰਾਨ ਸੈਲ ਫਿਸਲਣ ਕਰਕੇ ਸੈਲ ਨੂੰ ਤੋੜਿਆ ਗਿਆ ਹੈ ਅਤੇ ਇਹ ਸੈਲ, ਮਲ-ਤਿਆਗ ਰਾਹੀਂ ਬਾਹਰ ਆ ਜਾਵੇਗਾ ਤੇ ਇਹ ਕਿਹ ਕੇ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ। ਜਦੋਂ ਕਿ ਹੁਣ ਸਾਰਾ ਮਾਮਲਾ ਸਾਹਮਣੇ ਆਉਣ ਉਪਰੰਤ ਡਾਕਟਰ ਦੇ ਏਜੰਟ ਉਸਨੂੰ ਪੈਸੇ ਦੀ ਪੇਸ਼ਕਸ਼ ਕਰ ਰਹੇ ਹਨ।
ਮਾਸੂਮ ਬੱਚੇ ਦੇ ਮਾਮਲੇ ਸਬੰਧੀ ਜਦੋਂ ਮੁਕਤਸਰ ਮੈਡੀਸਿਟੀ ਹਸਪਤਾਲ ਦੇ ਡਾਕਟਰ ਸੁਧੀਰ ਰਾਜ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਸਾਰੇ ਮਾਮਲੇ ਸਬੰਧੀ ਹਸਪਤਾਲ ਦੇ ਬੁਲਾਰੇ ਭੂਸ਼ਨ ਕਾਂਤੀ ਨਾਲ ਗੱਲ ਕਰਨ ਲਈ ਕਿਹਾ। ਜਿਸ ਉਪਰੰਤ ਭੂਸ਼ਨ ਕਾਂਤੀ ਨੇ ਦੱਸਿਆ ਕਿ ਬੱਚੇ ਦਾ ਇਲਾਜ ਠੀਕ ਹੋ ਰਿਹਾ ਸੀ। ਬੱਚੇ ਦੇ ਮਾਪਿਆਂ ਨੂੰ 2-3 ਦਿਨ ਬਾਅਦ ਬੁਲਾਇਆ ਸੀ ਪ੍ਰੰਤੂ ਉਹ ਨਹੀਂ ਆਏ ਅਤੇ ਉਨ੍ਹਾਂ ਨੇ ਕਿਸੇ ਹੋਰ ਹਸਪਤਾਲ ਤੋਂ ਇਲਾਜ ਕਰਵਾਇਆ। ਡਾਕਟਰ 'ਤੇ ਲੱਗੇ ਕਥਿਤ ਲਾਪ੍ਰਵਾਹੀ ਦੇ ਦੋਸ਼ਾਂ ਸਬੰਧੀ ਡਾਕਟਰ ਦੇ ਬੁਲਾਰੇ ਨੇ ਦੱਸਿਆ ਕਿ ਪੀੜਤ ਪੱਖ ਨੂੰ ਸੰਤੁਸ਼ਟ ਕਰਵਾਇਆ ਜਾ ਚੁੱਕਿਆ ਹੈ।