ਨਵਾਂਸ਼ਹਿਰ: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਵਿਡ-19 ਦੇ ਕਰਫ਼ਿਊ ਦੇ ਮੱਦੇਨਜ਼ਰ ਅੱਜ ਡਾਕਘਰਾਂ ਦੇ ਡਾਕ ਸੇਵਕਾਂ ਰਾਹੀਂ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਲਾਭਪਾਤਰੀਆਂ ਨੂੰ ਪੈਨਸ਼ਨ ਦੇਣ ਦਾ ਸਫ਼ਲ ਤਜਰਬਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਦੀ ਮੌਜੂਦਗੀ ’ਚ ਨਵਾਂਸ਼ਹਿਰ ਨੇੜਲੇ ਪਿੰਡ ਸਲੋਹ ਦੇ ਕੁੱਝ ਲਾਭਪਾਤਰੀ, ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਕਾਰਡ ਨਾਲ ਜੁੜੇ ਹੋਏ ਹਨ, ਨੂੰ ਮੌਕੇ ’ਤੇ ਹੀ ਉਨ੍ਹਾਂ ਦੇ ਬਾਇਓਮੀਟਿ੍ਰਕ ਨਿਸ਼ਾਨ ਲੈ ਕੇ ਡਾਕ ਵਿਭਾਗ ਦੇ ਨੁਮਾਇੰਦੇ ਵੱਲੋਂ ਪੈਨਸ਼ਨ ਦਿੱਤੀ ਗਈ।
ਮੌਕੇ ’ਤੇ ਮੌਜੂਦ ਨਵਾਂਸ਼ਹਿਰ ਦੇ ਸਬ ਪੋਸਟ ਮਾਸਟਰ ਹਰੀ ਦੇਵ ਨੇ ਦੱਸਿਆ ਕਿ ਉਨ੍ਹਾਂ ਕੋਲ ਸਮੁੱਚੇ ਜ਼ਿਲ੍ਹੇ ’ਚ ਇਸ ਪ੍ਰਕਿਰਿਆ ਰਾਹੀਂ ਪੈਨਸ਼ਨ ਦੇਣ ਦਾ ਪ੍ਰਬੰਧ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ’ਚ ਮੋਬਾਇਲ ’ਤੇ ਓ ਟੀ ਪੀ ਆਉਂਦਾ ਹੈ ਅਤੇ ਉਸ ਨੂੰ ਭਰਨ ਬਾਅਦ ਹੀ ਖਾਤੇ ’ਚੋਂ ਪੈਸੇ ਕੱਟੇ ਜਾਂਦੇ ਹਨ ਅਤੇ ਡਾਕ ਸੇਵਕ ਵੱਲੋਂ ਲਾਭਪਾਤਰੀ ਨੂੰ ਮੌਕੇ ’ਤੇ ਹੀ ਦੇ ਦਿੱਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਬਾਇਓਮੀਟਿ੍ਰਕ ਪ੍ਰਕਿਰਿਆ ਹੋਣ ਕਾਰਨ ਇੱਕ ਗਾਹਕ ਨੂੰ ਪੈਨਸ਼ਨ ਦੇਣ ’ਚ ਤਿੰਨ ਤੋਂ ਚਾਰ ਮਿੰਟ ਲਗਦੇ ਹਨ। ਉਨ੍ਹਾਂ ਦੱਸਿਆ ਕਿ ਬਾਇਓਮੈਟਿ੍ਰਕ ਪ੍ਰਕਿਰਿਆ ਹੋਣ ਕਾਰਨ ਸੈਨੇਟਾਈਜ਼ ਨਾਲ ਹੱਥ ਸਾਫ਼ ਕਰਨਾ ਜਾਂ ਸਾਬਣ ਨਾ ਧੋਣਾ ਲਾਜ਼ਮੀ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਡਾਕਘਰਾਂ ਰਾਹੀਂ ਪੈਨਸ਼ਨ ਦੇ ਸਫ਼ਲ ਤਜਰਬੇ ’ਤੇ ਆਪਣੀ ਸੰਤੁਸ਼ਟੀ ਜਾਹਰ ਕਰਦਿਆਂ ਕਿਹਾ ਕਿ ਇਸ ਨਾਲ ਹੁਣ ਜ਼ਿਲ੍ਹੇ ਦੇ ਲੋਕ ਤਿੰਨ ਤਰੀਕਿਆਂ ਨਾਲ ਪੈਨਸ਼ਨ ਹਾਸਲ ਕਰ ਸਕਣਗੇ, ਜਿਨ੍ਹਾਂ ’ਚ ਦੂਸਰੇ ਦੋ ਤਰੀਕੇ ਬੈਂਕ ਅਤੇ ਉਨ੍ਹਾਂ ਦੇ ਪਿੰਡਾਂ ’ਚ ਬਣਾਏ ਬਿਜ਼ਨੈਸ ਪ੍ਰਤੀਨਿਧ ਕੌਰਸਪੋਂਡੈਂਟ ਰਾਹੀਂ ਪੈਨਸ਼ਨ ਹਾਸਲ ਕਰਨਾ ਹੈ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਸੰਤੋਸ਼ ਵਿਦੀ ਵੀ ਮੌਜੂਦ ਸਨ।