ਨਵਾਂਸ਼ਹਿਰ: ਕੋਰੋਨਾ ਦੀ ਜੰਗ ਵਿਰੁੱਧ ਆਪਣੀਆਂ ਦੇ ਠੀਕ ਹੋਣ ਲਈ ਬਜ਼ਿੱਦ ਹੋਣ ਦੀ ਮਿਸਾਲ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ 'ਚ ਵੇਖੀ ਜਾ ਸਕਦੀ ਹੈ। ਇੱਥੇ ਪਠਲਾਵਾ ਤੋਂ ਕੋਰੋਨਾ ਕਾਰਨ ਮਾਰੇ ਗਏ ਬਾਬਾ ਬਲਦੇਵ ਸਿੰਘ ਦੇ ਪੁੱਤਰ ਫ਼ਤਿਹ ਦੀ ਰਿਪੋਰਟ ਲਗਾਤਾਰ ਦੂਜੀ ਵਾਰ ਨੈਗੇਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਸਿਹਤਮੰਦ ਐਲਾਨੇ ਜਾਣ ਤੋਂ ਬਾਅਦ ਵੀ ਉਹ ਆਪਣੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੇ ਠੀਕ ਹੋਣ ਤੱਕ ਉੱਥੇ ਹੀ ਰਹਿਣ ਲਈ ਬਾਜ਼ਿੱਦ ਹੈ। ਫ਼ਤਿਹ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੇ ਠੀਕ ਹੋਣ ਤੱਕ ਇੱਥੇ ਹੀ ਰਹੇਗਾ।
ਉਸ ਦੇ ਹੋਰਨਾਂ ਪਰਿਵਾਰਕ ਮੈਂਬਰਾਂ ’ਚੋਂ 7 ਅਪ੍ਰੈਲ ਨੂੰ ਬੇਟੀ ਗੁਰਲੀਨ ਕੌਰ, ਪੁੱਤਰ ਮਨਜਿੰਦਰ ਸਿੰਘ, ਭਤੀਜੀਆਂ ਹਰਪ੍ਰੀਤ ਕੌਰ ਤੇ ਕਿਰਨਪ੍ਰੀਤ ਕੌਰ ਦੀਆਂ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ, ਪਰ ਪਰਿਵਾਰਕ ਸਾਂਝ ਏਨੀ ਮਜ਼ਬੂਤ ਹੈ ਕਿ ਇਸ ਮੁਸ਼ਕਿਲ ਸਮੇਂ ’ਚ ਵੀ ਪੂਰਾ ਪਰਿਵਾਰ ਇੱਕਜੁੱਟ ਹੈ। ਪਰਿਵਾਰ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਸਵਰਗੀ ਬਲਦੇਵ ਸਿੰਘ ਦੀਆਂ ਅਸਥੀਆਂ ਚੁਗਣ ਦੀ ਰਸਮ ਵੀ, ਸਮੁੱਚੇ ਪਰਿਵਾਰਕ ਮੈਂਬਰਾਂ ਦੇ ਬਾਹਰ ਆਉਣ ’ਤੇ ਹੀ ਕੀਤੀ ਜਾਵੇਗੀ।
ਇਸੇ ਤਰ੍ਹਾਂ ਗੁਰਦੁਆਰਾ ਸੰਤ ਬਾਬਾ ਘਨੱਈਆ ਸਿੰਘ ਜੀ ਦੇ ਮੁਖੀ ਬਾਬਾ ਗੁਰਬਚਨ ਸਿੰਘ ਤੇ ਬਾਬਾ ਦਲਜਿੰਦਰ ਸਿੰਘ ਦਾ ਆਈਸੋਲੇਸ਼ਨ ਵਾਰਡ ’ਚ ਰਹਿਣ ਉਪਰੰਤ ਦੂਜਾ ਟੈਸਟ ਨੈਗੇਟਿਵ ਆ ਚੁੱਕਾ ਹੈ ਤੇ ਉਹ ਆਪਣੇ ਸੇਵਕ ਦੇ ਠੀਕ ਹੋਣ ਤੱਕ ਉਸ ਦੀ ਉਡੀਕ ਕਰਨਗੇ। ਇਸ ਤੋਂ ਇਲਾਵਾ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਵੀ ਆਪਣੀ ਮਾਂ ਪ੍ਰੀਤਮ ਕੌਰ ਦੇ ਸਿਹਤਮੰਦ ਹੋਣ ਦੀ ਉਡੀਕ ਕਰ ਰਹੇ ਹਨ।
ਹੋਰ ਪੜ੍ਹੋ : ਇਟਲੀ ਤੋਂ ਆਈ ਔਰਤ ਦੀ ਨਵਾਂ ਸ਼ਹਿਰ 'ਚ ਮੌਤ
ਐਸ.ਐਮ.ਓ ਡਾ. ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਕੋਰੋਨਾ ਦੀ ਦਹਿਸ਼ਤ ਆਪਸੀ ਰਿਸ਼ਤੇ ਖ਼ਤਮ ਕਰ ਰਹੀ ਹੈ ਤਾਂ ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਦੀ ਸਾਂਝ ਪਹਿਲਾਂ ਤੋਂ ਵੀ ਮਜ਼ਬੂਤ ਦਿਖਾਈ ਦੇ ਰਹੀ ਹੈ।