ਨਵਾਂਸ਼ਹਿਰ: ਜ਼ਿਲ੍ਹੇ ਦੇ ਬਹਿਰਾਮ ਮਾਹਿਲਪੁਰ ਰੋਡ ’ਤੇ ਇੱਕ ਦਰਦਨਾਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸਾ ਇਨ੍ਹਾਂ ਜਿਆਦਾ ਦਰਦਨਾਕ ਸੀ ਕਿ ਮੌਕੇ ’ਤੇ ਹੀ ਇਕੋਂ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਜਦਕਿ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਇਹ ਰੂੰਹ ਕੰਬਾਉ ਹਾਦਸਾ ਵਾਪਰਿਆ। ਮਰਨ ਵਾਲੇ ਵਿਅਕਤੀਆਂ ਚ ਇੱਕ ਵਿਅਕਤੀ ਦੋ ਦਿਨ ਪਹਿਲਾਂ ਮਲੇਸ਼ੀਆਂ ਤੋਂ ਪੰਜਾਬ ਆਇਆ ਸੀ। ਮ੍ਰਿਤਕਾਂ ’ਚ 2 ਵਿਅਕਤੀ ਇੱਕ ਔਰਤ ਅਤੇ ਉਸਦਾ 11 ਸਾਲਾਂ ਲੜਕਾ ਸ਼ਾਮਲ ਹੈ। ਇਹ ਸਾਰੇ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਧਮਾਈ ਦੇ ਵਸਨੀਕ ਹਨ ਅਤੇ ਸਮਰਾਵਾਂ ਤੋਂ ਪਿੰਡ ਐਮਾ ਜੱਟਾਂ ਨੂੰ ਜਾ ਰਹੇ ਸੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਚ ਲੈ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਗੁਰਵਿੰਦਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਗੁਰਵਿੰਦਰ ਮਲੇਸ਼ੀਆ ਤੋਂ ਆਇਆ ਸੀ ਅਤੇ ਆਪਣੀ ਭੈਣ ਨਾਲ ਸਮਰਾਵਾਂ ਪਿੰਡ ਐਮਾ ਜੱਟਾ ਵੱਲ ਜਾ ਰਿਹਾ ਸੀ। ਪਰ ਰਸਤੇ ’ਚ ਇਹ ਭਿਆਨਕ ਹਾਦਸਾ ਵਾਪਰਿਆ।
ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਇੱਕ ਕਾਰ ਕਟਾਰੀਆ ਦੇ ਨੇੜੇ ਸੰਤੁਲਨ ਵਿਗੜਨ ਕਾਰਨ ਬਹਿਰਾਮ ਕੋਟ ਫਤੂਹੀ ਰੋਡ ਨੇੜੇ ਪਿੰਡ ਸੁੰਢ ਕੋਲ ਸੂਏ ਚ ਡਿੱਗ ਗਈ। ਕਾਰ ’ਚ 5 ਲੋਕ ਸਵਾਰ ਸੀ ਜਿਨ੍ਹਾਂ ਚੋਂ 4 ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕਾਂ ’ਚ 11 ਸਾਲਾਂ ਬੱਚਾ ਵੀ ਸ਼ਾਮਲ ਹੈ। ਫਿਲਹਾਲ ਉਨ੍ਹਾਂ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ: ਮਾਤਾ ਵੈਸ਼ਨੋ ਦੇਵੀ ਨੇੜੇ ਤ੍ਰਿਕੁਟਾ ਦੇ ਜੰਗਲਾਂ ‘ਚ ਲੱਗੀ ਅੱਗ