ਨਵਾਂਸ਼ਹਿਰ: ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ’ਚ 7 ਹੋਰ ਵਿਅਕਤੀ ਕੋਰੋਨਾ-ਪਾਜ਼ੀਟਿਵ ਮਿਲੇ ਹਨ। ਜਾਣਕਾਰੀ ਮੁਤਾਬਕ ਇਹ ਸਾਰੇ ਪੀੜਤ ਬੰਗਾ ਨੇੜਲੇ ਪਿੰਡ ਪਠਲਾਵਾ ਦੇ ਉਸ 70 ਸਾਲਾ ਵਿਅਕਤੀ ਦੇ ਸੰਪਰਕ ਵਿੱਚ ਰਹੇ ਸਨ, ਜਿਸ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਹੀ ਮੌਤ ਹੋ ਗਈ ਹੈ।
ਨਵਾਂਸ਼ਹਿਰ ਦੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਇਨ੍ਹਾਂ 7 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ। ਪਿੰਡ ਪਠਲਾਵਾ ਦੇ ਜਿਸ 70 ਸਾਲਾ ਵਿਅਕਤੀ ਦਾ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਸੀ, ਉਸ ਦੇ ਆਪਣੇ 6 ਪਰਿਵਾਰਕ ਮੈਂਬਰਾਂ ਨੂੰ ਵੀ ਨਵਾਂਸ਼ਹਿਰ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਪਠਲਾਵਾ ਦੇ ਇਸ ਪਰਿਵਾਰ ਦੇ ਸੰਪਰਕ ’ਚ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ’ਚ ਗੜ੍ਹਸ਼ੰਕਰ ਲਾਗਲੇ ਪਿੰਡ ਮੋਰਾਂਵਾਲੀ ’ਚ 68 ਸਾਲਾ ਵਿਅਕਤੀ ਵੀ ਕੱਲ੍ਹ ਕੋਰੋਨਾ-ਪਾਜ਼ਿਟਿਵ ਪਾਇਆ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪਿੰਡ ਮੋਰਾਂਵਾਲੀ ਦੇ ਬਾਹਰ ਪੱਕਾ ਨਾਕਾ ਲਾ ਦਿੱਤਾ ਸੀ।
ਕੋਰੋਨਾਵਾਇਰਸ ਖ਼ਿਲਾਫ਼ ਕੇਂਦਰ ਸਰਕਾਰ ਨੇ ਅੱਜ ‘ਜਨਤਾ ਕਰਫ਼ਿਊ’ ਦਾ ਐਲਾਨ ਕੀਤਾ ਹੋਇਆ ਹੈ। ਜਿਸ ਦਾ ਅਸਰ ਦੇਸ਼ ਭਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਭਰ ਵਿੱਚ ਸਿਰਫ਼ ਜ਼ਰੂਰੀ ਸੇਵਾਵਾਂ ਹੀ ਚੱਲ ਰਹੀਆਂ ਹਨ।
ਪੰਜਾਬ ਅਤੇ ਚੰਡੀਗੜ੍ਹ 'ਚ ਲੌਕਡਾਊਨ
ਕੋਰੋਨਾ ਦੇ ਵਧਦੇ ਖ਼ਤਰੇ ਨੂੰ ਵੇਖਦਿਆਂ ਪੰਜਾਬ ਅਤੇ ਚੰਡੀਗੜ੍ਹ ਨੂੰ 31 ਮਾਰਚ ਤੱਕ ਮੁਕੰਮ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸੂਬੇ ਵਿੱਚ ਸਿਰਫ਼ ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ਨੂੰ ਹੀ ਪ੍ਰਵਾਗਨਗੀ ਦਿੱਤੀ ਜਾਵੇਗੀ। ਇਸੇ ਤਹਿਤ ਸੂਬੇ ਦੇ ਸਾਰੇ ਡੀ.ਸੀਜ਼ ਨੂੰ ਨਿਰਦੇਸ਼ ਜਾਰੀ ਕਰਨ ਲਈ ਕਿਹਾ ਗਿਆ ਹੈ।