ਨਵਾਂਸ਼ਹਿਰ: ਸ਼ਹਿਰ ਦੇ ਡੀਸੀ ਦਫ਼ਤਰ ਦੇ ਸਾਹਮਣੇ ਵਿਜੇ ਗੰਨ ਹਾਊਸ (Gun House) ਉਤੇ ਵੱਡਾ ਐਕਸ਼ਨ ਹੋਇਆ ਹੈ। ਗੰਨ ਹਾਊਸ ਦਾ ਰਿਕਾਰਡ ਚੈਕ ਕੀਤਾ ਗਿਆ ਅਤੇ ਰਿਕਾਰਡ ਵਿਚੋਂ 1134 ਕਾਰਤੂਸ ਘੱਟ ਪਾਏ ਗਏ ਹਨ। ਪੁਲਿਸ ਨੇ ਆਰਮ ਐਕਟ (Arm Act) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਸ ਬਾਰੇ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਕ ਦਰਖਾਸਤ ਜੋ ਡੀਆਈਜੀ ਵੱਲੋਂ ਮਾਰਕ ਹੋ ਕੇ ਨਵਾਂ ਸ਼ਹਿਰ ਦੇ ਪੁਲਿਸ ਅਧਿਕਾਰੀ ਨੂੰ ਆਈ ਸੀ ਜਿਸ ਨੂੰ ਲੈ ਕੇ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਹੈ ਕਿ ਦੁਕਾਨ ਵਿੱਚੋਂ 01 ਮਈ 2020 ਤੋਂ ਲੈਕੇ 02 ਜੁਲਾਈ 2021 ਤੱਕ ਬਿਨ੍ਹਾਂ ਕਾਗਜੀ ਕਾਰਵਾਈ ਦੇ 1134 ਕਾਰਤੂਸ ਲਾਪਤਾ ਪਾਏ ਗਏ।
ਇਹਨਾਂ ਵਿੱਚ ਰਿਵਾਲਵਰ ਦੇ 452 ਕਾਰਤੂਸ, ਪਿਸਟਲ ਦੇ 60 ਅਤੇ ਗੰਨ ਦੇ 622 ਕਾਰਤੂਸ ਗਾਇਬ ਹਨ। ਜਿਸ ਤਹਿਤ ਥਾਣਾ ਸਿਟੀ ਨਵਾਂਸ਼ਹਿਰ ਵਿੱਚ ਧਾਰਾ 30 ਅਸਲਾ ਐਕਟ ਅਧੀਨ ਵਿਜੇ ਗੰਨ ਹਾਊਸ ਦੇ ਮਾਲਕ ਵਿਜੇ ਗੌਤਮ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।