ਸੰਗਰੂਰ: ਭਵਾਨੀਗੜ੍ਹ ਵਿੱਚ ਜੋਗਿੰਦਰ ਬਸਤੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਆਤਮਹੱਤਿਆ ਲਈ ਉਕਸਾਉਣ ਦੇ ਇਲਜ਼ਾਮਾਂ ਹੇਠ 10 ਜਣਿਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿੱਚ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਵਾਨੀਗੜ੍ਹ ਦੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਸਰਬਜੀਤ ਕੌਰ ਵਾਸੀ ਜੋਗਿੰਦਰ ਨਗਰ ਭਵਾਨੀਗੜ੍ਹ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਸਦਾ ਪਤੀ ਬੁੱਧ ਸਿੰਘ ਡਾਕਟਰ ਦੀਪ ਸਿੰਗਲਾ ਕੋਲ ਡਰਾਇਵਰ ਵਜੋਂ ਨੌਕਰੀ ਕਰਦਾ ਹੈ। ਲੰਘੀ 6 ਤਾਰੀਖ ਨੂੰ ਉਸਦਾ ਪਤੀ ਰੋਜਾਨਾ ਵਾਂਗ ਸ਼ਾਮ ਨੂੰ ਘਰ ਆ ਗਿਆ ਸੀ। ਸਰਬਜੀਤ ਕੌਰ ਨੇ ਦੱਸਿਆ ਕਿ ਰਾਤ ਸਾਢੇ ਕੁ 10 ਵਜੇ ਉਸਦਾ ਪਤੀ ਵਿਹੜੇ ਵਿੱਚ ਉਲਟੀਆਂ ਕਰਨ ਲੱਗ ਪਿਆ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਉਸਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਹੈ।
ਮ੍ਰਿਤਕ ਨੇ ਮਰਨ ਤੋਂ ਪਹਿਲਾਂ ਲਾਏ ਇਲਜ਼ਾਮ: ਉਸਨੇ ਦੱਸਿਆ ਕਿ ਉਸਦੀ ਹਾਲਤ ਵਿਗੜਦੀ ਦੇਖ ਉਸਨੇ ਆਪਣੇ ਭਾਣਜੇ ਨੂੰ ਬੁਲਾਇਆ ਅਤੇ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ। ਇਥੋਂ ਡਾਕਟਰਾਂ ਨੇ ਬੁੱਧ ਸਿੰਘ ਦੀ ਹਾਲਤ ਖਰਾਬ ਹੁੰਦੀ ਦੇਖ ਕੇ ਪਟਿਆਲਾ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ। ਪਰ ਉੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਸਨੇ ਘਰ ਰੱਖੇ ਆਪਣੇ ਪਤੀ ਦੇ ਫੋਨ 'ਚ ਵੀਡੀਓ ਦੇਖੀ ਹੈ ਜਿਸ ਵਿੱਚ ਉਸਦਾ ਪਤੀ ਕਹਿ ਰਿਹਾ ਹੈ ਕਿ ਬੌਬੀ ਦੇ ਦੋਵੇਂ ਮੁੰਡੇ, ਕਾਲੇ ਪੱਲੇਦਾਰ ਦਾ ਮੁੰਡਾ, ਮਿਸ਼ਰੇ ਪੱਲੇਦਾਰ ਦਾ ਮੁੰਡਾ, ਲਿਬੜੇ ਦਾ ਛੋਟਾ ਮੁੰਡਾ, ਸਿੰਦੇ ਦਾ ਮੁੰਡਾ, ਚਰਨੀ ਪੰਡਤ, ਜਗਦੇਵ ਸਿੰਘ ਬੁੱਟਰ, ਨੰਦ ਆੜਤੀਏ ਦਾ ਮੁੰਡਾ, ਕੌਰੀ ਟਰੱਕ ਵਾਲਾ ਨੇ ਉਸਦੇ ਨਾਲ ਧੱਕਾ ਕੀਤਾ ਹੈ। ਉਹ ਬੇਕਸੂਰ ਹੈ ਤੇ ਉਸਨੂੰ ਇਨਸਾਫ਼ ਦਿਵਾਇਆ ਜਾਵੇ। ਉਸਨੇ ਇਨਸਾਫ ਦੀ ਮੰਗ ਕਰਦਿਆਂ ਦਮ ਤੋੜਿਆ ਹੈ।
ਇਹ ਵੀ ਪੜ੍ਹੋ: Coronavirus Update : ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 326 ਨਵੇਂ ਮਾਮਲੇ, ਪੰਜਾਬ 'ਚ ਕੋਰੋਨਾ ਦੇ ਪੰਜ ਮਾਮਲੇ
ਪੁਲਿਸ ਨੇ ਬਿਆਨਾਂ ਦੇ ਆਧਾਰ ਉੱਤੇ ਕੀਤਾ ਮਾਮਲਾ ਦਰਜ : ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਸਦੇ ਪਤੀ ਨੇ ਇੱਕ ਪਰਚੀ 'ਤੇ ਵੀ ਉਕਤ ਵਿਅਕਤੀਆਂ ਨੇ ਨਾਂ ਲਿਖ ਕੇ ਦਸਤਖਤ ਕੀਤੇ ਹਨ। ਐੱਸਐਚਓ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਰਬਜੀਤ ਕੌਰ ਦੇ ਬਿਆਨਾਂ 'ਤੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਸਮੇਤ ਪਰਚੀ ਤੇ ਫੋਨ ਦੀ ਵੀਡੀਓ ਨੂੰ ਕਬਜੇ 'ਚ ਲੈ ਕੇ ਉਕਤ ਲੋਕਾਂ ਖਿਲਾਫ਼ ਧਾਰਾ 306 ਆਈ.ਪੀ.ਸੀ ਦੇ ਤਹਿਤ ਥਾਣਾ ਭਵਾਨੀਗੜ੍ਹ ਵਿਖੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਕਿ ਮ੍ਰਿਤਕ ਨੇ ਕਿਹੜੇ ਹਲਾਤਾਂ ਕਰਕੇ ਜਾਂ ਕਿਹੜੀ ਗੱਲ ਤੋਂ ਅਜਿਹਾ ਖੌਫਨਾਕ ਕਦਮ ਚੁੱਕਿਆ।