ਸੰਗਰੂਰ : ਪਿਛਲੇ ਲੰਬੇ ਸਮੇਂ ਤੋਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਦੇ ਵੱਖ-ਵੱਖ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਕ ਵਾਰੀ ਫਿਰ ਅੱਜ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਬੇਰੁਜ਼ਗਾਰ ਅਧਿਆਪਕਾਂ ਅਤੇ ਪੁਲਿਸ ਵਿਚਾਲੇ ਧੱਕਾ-ਮੁੱਕੀ ਹੋ ਗਈ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਦਾ ਕਹਿਣਾ ਸੀ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਨੌਕਰੀਆਂ ਨੂੰ ਲੈ ਕੇ ਸੜਕਾਂ ਉਤੇ ਉਤਰੇ ਖੱਜਲ-ਖੁਆਰ ਹੋ ਰਹੇ ਹਾਂ।
ਬੇਰੁਜ਼ਗਾਰ ਅਧਿਆਪਕਾਂ ਨੇ ਲਾਏ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ : ਸਰਕਾਰ ਵੱਲੋਂ ਸਾਨੂੰ ਲਾਰੇ ਹੀ ਲਗਾਏ ਗਏ ਹਨ। ਉਨ੍ਹਾਂ ਦੀ ਜ਼ਿੱਦ ਸੀ ਕਿ ਸਾਡੀ ਜਥੇਬੰਦੀ ਨੇ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਬੈਠ ਕੇ ਧਰਨਾ ਪ੍ਰਦਰਸ਼ਨ ਕਰਨਾ ਹੈ ਅਤੇ ਪੁਲਿਸ ਨੇ ਇਸ ਧਰਨੇ ਦੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ, ਜਿਸ ਕਾਰਨ ਪੁਲਿਸ ਅਤੇ ਅਧਿਆਪਕਾਂ ਵਿਚਕਾਰ ਧੱਕਾ ਮੁੱਕੀ ਹੋ ਗਈ। ਜੋ ਸਰਕਾਰ ਕਿਸੇ ਸਮੇਂ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੀ ਸੀ, ਅੱਜ ਉਹੀ ਸਰਕਾਰ ਦੇ ਹੁਕਮਾਂ ਅਧੀਨ ਪੁਲਿਸ ਵੱਲੋਂ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨਾਲ ਧੱਕਾਮੁੱਕੀ ਕੀਤੀ ਗਈ। ਬੇਰੁਜ਼ਗਾਰ ਅਧਿਆਪਕਾਂ ਵੱਲੋਂ ਵੀ ਆਮ ਆਦਮੀ ਪਾਰਟੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ।
ਇਹ ਵੀ ਪੜ੍ਹੋ : CM Mann Big announcement: ਪੀਐੱਸਪੀਸੀਐੱਲ ਨੂੰ ਰਾਹਤ; ਸਰਕਾਰ ਵੱਲੋਂ 20 ਹਜ਼ਾਰ 200 ਕਰੋੜ ਜਾਰੀ
ਸੱਤਾ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਨੇ ਕੀਤੇ ਕਈ ਵਾਅਦੇ : ਇਸ ਦੌਰਾਨ ਪ੍ਰਦਰਸ਼ਕਾਰੀਆਂ ਨੇ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਇਹ ਮੁਖ ਮੰਤਰੀ ਭਗਵੰਤ ਸਿੰਘ ਮਾਨ ਸਾਡੇ ਨਾਲ ਵਾਅਦਾ ਕਰਦਾ ਹੁੰਦਾ ਸੀ ਕਿ ਜਦੋਂ ਵੀ ਅਸੀਂ ਸੱਤਾ ਵਿੱਚ ਆਏ, ਆਉਂਦੇ ਸਾਰ ਤੁਹਾਨੂੰ ਸਾਰਿਆਂ ਨੂੰ ਪੱਕੇ ਕਰਾਂਗੇ ਅਤੇ ਕਿਸੇ ਨੂੰ ਵੀ ਆਪਣੇ ਹੱਕਾਂ ਲਈ ਧਰਨਾ ਪ੍ਰਦਰਸ਼ਨ ਨਹੀਂ ਕਰਨਾ ਪਵੇਗਾ, ਪਰ ਹੁਣ ਜਿਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਸੱਤਾ ਵਿੱਚ ਆਈ ਹੈ ਉਸਤੋਂ ਬਾਅਦ ਇਹ ਪਾਰਟੀ ਵੀ ਬਾਕੀ ਪਾਰਟੀਆਂ ਦੇ ਰਾਹਾਂ ਉਤੇ ਤੁਰੀ ਹੋਈ ਹੈ।।
ਬਾਕੀ ਪਾਰਟੀਆਂ ਵਾਂਗ ਅਧਿਆਪਕਾਂ ਉਤੇ ਜ਼ੁਲਮ ਕਰ ਰਹੀ ਆਪ : ਭਗਵੰਤ ਮਾਨ ਨੇ ਸਾਧਨਾ ਪਹਿਲਾਂ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਪੱਕੇ ਕਰਾਂਗੇ ਜਿਸ ਰਾਹੀਂ ਇਹ ਸੱਤਾ ਵਿਚ ਆਏ ਇਨ੍ਹਾਂ ਨੇ ਵੀ ਸਾਡੀ ਸਾਰ ਨਹੀ ਇਹ ਵੀ ਦੂਸਰੇ ਪਾਰਟੀਆਂ ਵਾਂਗ ਹੀ ਸਾਡੇ ਉੱਤੇ ਜ਼ੁਲਮ ਕਰ ਰਹੇ ਹਨ।