ਲਹਿਰਾਗਾਗਾ: ਧਰਮਸ਼ਾਲਾ ਦੇ ਹਾਲ ਵਿੱਚ ਕੁਦਰਤ-ਮਾਨਵ ਕੇਂਦਰਤ ਲੋਕ ਲਹਿਰ ਦੀ ਤਿੰਨ ਰੋਜ਼ਾ ਆਲ ਇੰਡੀਆ ਕਾਨਫਰੰਸ ਜੀ.ਪੀ.ਐਫ. ਸ਼ੁਰੂ ਹੋਈ। ਇਸ ਕਾਨਫਰੰਸ ਵਿੱਚ ਪੰਜਾਬ ਤੋਂ ਇਲਾਵਾ, ਜੰਮੂ ਕਸ਼ਮੀਰ, ਰਾਜਸਥਾਨ, ਹਰਿਆਣਾ, ਆਂਧਰਾ ਪ੍ਰਦੇਸ਼, ਕਰਨਾਟਕਾ, ਕੇਰਲਾ, ਤੇਲੰਗਾਨਾ, ਦਿੱਲੀ ਅਤੇ ਨੇਪਾਲ ਆਏ 200 ਤੋਂ ਵੱਧ ਡੇਲੀਗੇਟ ਅਤੇ ਹੋਰਨਾਂ ਸਹਿਯੋਗੀ ਜੱਥੇਬੰਦੀਆਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ।
ਕਾਨਫਰੰਸ ਦੇ ਵੱਖ-ਵੱਖ ਸ਼ੈਸ਼ਨਾਂ ਵਿੱਚ ਜਲਵਾਯੂ ਤਬਦੀਲੀ ਦੇ ਸੰਕਟ, ਖੇਤੀਬਾੜੀ ਸੈਕਟਰ ਦੇ ਸੰਕਟ, ਜੰਮੂ ਕਸ਼ਮੀਰ ਅਤੇ ਨਾਗਰਿਕਤਾ ਸੋਧ ਕਾਨੂੰਨ ਤੇ ਐਨ.ਆਰ.ਸੀ. ਨੂੰ ਲੈ ਕੇ ਚੱਲ ਰਹੇ ਅੰਦੋਲਨ ਅਤੇ ਮੌਜੂਦਾ ਹਾਲਾਤ ਦੇ ਵਿਸ਼ਿਆਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।
ਕੁਦਰਤ-ਮਾਨਵ ਕੇਂਦਰਤ ਲੋਕ ਲਹਿਰ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਭੁਪਾਲ ਨੇ ਕਿਹਾ ਕਿ ਜਲਵਾਯੂ ਸੰਕਟ ਸਮੁੱਚੀ ਮਨੁੱਖ ਜਾਤੀ ਅਤੇ ਖਾਸ ਕਰਕੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਲੋਕਾਂ ਅਤੇ ਜੈਵਿਕ ਅਤੇ ਹੋਰਨਾਂ ਬਨਸਪਤੀ ਪ੍ਰਜਾਤੀਆਂ ਦੀ ਹੋਂਦ ਲਈ ਖ਼ਤਰਾ ਬਣ ਗਿਆ ਹੈ।
ਲਹਿਰ ਦੇ ਪ੍ਰਧਾਨ ਮੰਨਾਂ ਰਾਮ ਅਤੇ ਸੀਨੀਅਰ ਆਗੂ ਸੱਜਣ ਕੁਮਾਰ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ. ਮਨੁੱਖਤਾ ਵਿਰੋਧੀ ਅਤੇ ਖਾਸ ਕਰਕੇ ਗਰੀਬ ਵਿਰੋਧੀ ਕਦਮ ਹੈ। ਕੇਂਦਰ ਸਰਕਾਰ ਆਪਣੇ ਕਾਰਪੋਰੇਟ ਪੱਖੀ ਏਜੰਡੇ ਨੂੰ ਅਗਾਂਹ ਵਧਾਉਣ ਲਈ ਇਸ ਨੂੰ ਹਿੰਦੂ-ਮੁਸਲਿਮ ਟਕਰਾਅ ਦਾ ਰੂਪ ਦੇਣ ਦੀ ਕੋਸ਼ਿਸ਼ ਵਿੱਚ ਹੈ।
ਸੁਦਰਸ਼ਨ ਰਾਓ ਸਾਰਦੇ ਨੇ ਜਲ ਵਾਯੂ ਸੰਕਟ ਅਤੇ ਐਨ.ਆਰ.ਸੀ. ਵਰਗੇ ਮੁੱਦਿਆਂ ਨੂੰ ਸੁਝਾਓਣ ਲਈ ਆਲਮੀ ਪਹੁੰਚ ਅਪਣਾਉਣ ਅਤੇ ਸਥਾਨਕ ਸਥਿੱਤੀਆਂ ਨਾਲ ਤਾਲਮੇਲ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਯੂ.ਐਨ.ਈ.ਪੀ. ਦੇ ਸਾਬਕਾ ਮੈਂਬਰ ਅਤੇ ਦੇਸ਼ ਦੇ ਉੱਘੇ ਊਰਜਾ ਵਿਗਿਆਨੀ ਸਾਗਰ ਧਾਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਲਵਾਯੂ ਤਬਦੀਲੀ ਦੇ ਸੰਕਟ ਦੇ ਹੱਲ ਲਈ ਪਿੱਛਲੇ ਕਈ ਸਾਲਾਂ ਤੋਂ ਚੱਲ ਰਹੀ ਸਿਖਰ ਵਾਰਤਾ ਦਾ ਸਿਲਸਿਲਾ ਕਿਸੇ ਨਤੀਜੇ ਤੇ ਨਹੀਂ ਪਹੁੰਚ ਰਿਹਾ। ਇਸ ਲਈ ਹੁਣ ਇਸ ਗ੍ਰਹਿ ਨੂੰ ਇਸ ਭਿਆਨਕ ਖ਼ਤਰੇ ਤੋਂ ਬਚਾਉਣ ਦੀ ਜਿੰਮੇਵਰੀ ਇੱਕ ਵਿਆਪਕ ਆਧਾਰ ਵਾਲੀ ਲੋਕ ਲਹਿਰ ਦੇ ਰੂਪ ਵਿੱਚ ਆਮ ਲੋਕਾਂ ਦੇ ਮੋਢਿਆਂ ਤੇ ਆ ਗਈ ਹੈ।