ਸੰਗਰੂਰ: ਪੰਜਾਬ ਅੰਦਰ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਸ਼ਰੇਆਮ ਵੇਖਣ ਨੂੰ ਮਿਲ ਰਹੀਆਂ ਨੇ ਜਿਸ ਨਾਲ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲਦਾ ਵੀ ਵਿਖਾਈ ਦੇ ਰਿਹਾ ਹੈ। ਦੱਸ ਦਈਏ ਪੰਜਾਬ ਦੇ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਵਿੱਚ ਦੇਰ ਰਾਤ ਚੋਰਾਂ ਨੇ ਕੁੱਲ੍ਹ 4 ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਚੋਰਾਂ ਨੇ ਦੁਕਾਨਾਂ ਦੇ ਜ਼ਿੰਦਰੇ ਤੋੜ ਕੇ ਸਾਰਾ ਸਮਾਨ ਲੁੱਟ ਲਿਆ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੰਦਿਆਂ ਚੋਰਾਂ ਦੀ ਹਰਕਤ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ।
ਦੁਕਾਨਦਾਰਾਂ ਨੇ ਮੰਗਿਆ ਮੁਆਵਜ਼ਾ: ਦੇਰ ਰਾਤ ਹੋਏ ਨੁਕਸਾਨ ਤੋਂ ਬਾਅਦ ਪ੍ਰਸ਼ਾਸਨ ਖ਼ਿਲਾਫ਼ ਦੁਕਾਨਦਾਰਾਂ ਨੇ ਭੜਾਸ ਕੱਢੀ। ਦੁਕਾਨਦਾਰਾਂ ਨੇ ਕਿਹਾ ਕਿ ਉਹ ਪੁਲਿਸ ਦੇ ਭਰੋਸੇ ਆਪਣੀਆਂ ਦੁਕਾਨਾਂ ਨਹੀਂ ਛੱਡ ਸਕਦੇ ਕਿਉਂਕਿ ਚੋਰਾਂ ਨੇ ਪੂਰੀ ਤਸੱਲੀ ਦੇ ਨਾਲ ਉਨ੍ਹਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿੱਚ ਪਹਿਲਾਂ ਵੀ ਸ਼ਰੇਆਮ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਨੇ ਪਰ ਸਮਾਂ ਰਹਿੰਦੇ ਪੁਲਿਸ ਪ੍ਰਸ਼ਾਸਨ ਚੋਕਸ ਨਹੀਂ ਹੋਇਆ ਜਿਸ ਕਰਕੇ ਚੋਰਾਂ ਨੇ ਉਨ੍ਹਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਜੇਕਰ ਸੀਐੱਮ ਦੇ ਜ਼ਿਲ੍ਹੇ ਵਿੱਚ ਹੀ ਚੌਕਸੀ ਨਹੀਂ ਵਰਤ ਸਕਦਾ ਤਾਂ ਫਿਰ ਬਾਕੀ ਸੂਬਾ ਵਾਸੀਆਂ ਨੂੰ ਤਾਂ ਸੁਰੱਖਿਆ ਸਬੰਧੀ ਸੋਚਣਾ ਹੀ ਨਹੀਂ ਚਾਹੀਦਾ। ਇਸ ਤੋਂ ਇਲਾਵਾ ਦੁਕਾਨਦਾਰਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ।
ਪੁਲਿਸ ਖੰਗਾਲ ਰਹੀ ਸੀਸੀਟੀਵੀ: ਜਦੋਂ ਮਾਮਲੇ ਸਬੰਧੀ ਸੰਗਰੂਰ ਪੁਲਸ ਨੂੰ ਪਤਾ ਲੱਗਿਆ ਤਾਂ ਮੌਕੇ ਉੱਤੇ ਪਹੁੰਚੇ ਐੱਸਐੱਚਓ ਪੁਲਸ ਪਾਰਟੀ ਸਮੇਤ ਪਹੁੰਚੇ ਐੱਸਐੱਚਓ ਕਰਮ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਦੁਕਾਨਦਾਰਾਂ ਮੁਤਾਬਿਕ ਚੋਰੀ ਰਾਤ ਦੇ ਕਰੀਬ ਇੱਕ ਵਜੇ ਹੋਈ ਹੈ। ਉਨ੍ਹਾਂ ਕਿਹਾ ਕਿ ਚੋਰ ਇੱਕ ਦੁਕਾਨ ਵਿੱਚੋਂ ਗੱਲ੍ਹਾ ਵੀ ਨਾਲ ਚੁੱਕ ਕੇ ਲੈ ਗਏ ਅਤੇ ਅੱਗੇ ਜਾ ਕੇ ਨਹਿਰ ਕਿਨਾਰੇ ਨਕਦੀ ਲੁੱਟ ਕੇ ਗੱਲ੍ਹੇ ਨੂੰ ਸੁੱਟ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਦੇ ਬਿਆਨਾਂ ਮੁਤਾਬਿਕ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਮੁਲਜ਼ਮਾਂ ਦੀ ਭਾਲ ਲਈ ਜੰਗੀ ਪੱਧਰ ਉੱਤੇ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਮੁਲਜ਼ਮਾਂ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਚੋਰਾਂ ਨੇ ਦੁਕਾਨਾਂ ਅੰਦਰ ਲੱਗੇ ਸੀਸੀਟੀਵੀ ਦੀ ਡੀਵੀਆਰ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਪੁਲਿਸ ਦੇ ਹੱਥ ਉਨ੍ਹਾਂ ਦੀ ਵੀਡੀਓ ਲੱਗ ਗਈ ਹੈ। ਉਨ੍ਹਾਂ ਅੱਗੇ ਕਿਹਾ ਇਲਾਕੇ ਦੇ ਆਲੇ-ਦੁਆਲ਼ੇ ਦੀ ਸੀਸੀਟੀ ਕੈਮਰੇ ਖੰਗਾਲ ਕੇ ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ।