ਮਲੇਰਕੋਟਲਾ: ਸ਼ਹਿਰ ਦੇ ਲੁਧਿਆਣਾ ਰੋਡ 'ਤੇ ਇੱਕ ਸੁੰਨਸਾਨ ਥਾਂ 'ਤੇ ਗਲਾ ਵੱਢੀ ਇੱਕ ਲਾਸ਼ ਮਿਲਣ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਮ੍ਰਿਤਕ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਪਛਾਣ ਬਦਰਦੀਨ ਇਲੀਸ ਖ਼ਾਨ ਵੱਜੋਂ ਕੀਤੀ ਹੈ। ਕਤਲ ਪੰਜ ਹਜ਼ਾਰ ਰੁਪਏ ਨੂੰ ਲੈ ਕੇ ਹੋਈ ਤਕਰਾਰਬਾਜ਼ੀ ਕਾਰਨ ਕੀਤਾ ਗਿਆ।
ਐਸਐਚਓ ਸੁਖਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਦਰਦੀਨ ਦਾ ਕਤਲ ਉਸ ਦੇ ਦੋਸਤ ਆਸ਼ਕ ਅਹਿਮਦ ਡਾਰ ਨੇ ਕੀਤਾ ਹੈ, ਜੋ ਕਿ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ ਅਤੇ ਇਹ ਦੋਵੇਂ ਇਕੱਠੇ ਲੁਧਿਆਣਾ ਤੋਂ ਇਥੇ ਆਏ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬਦਰਦੀਨ ਨੇ ਕਥਿਤ ਦੋਸ਼ੀ ਨੂੰ ਪੰਜ ਹਜ਼ਾਰ ਰੁਪਏ ਉਧਾਰੇ ਦਿੱਤੇ ਸਨ, ਜੋ ਕਿ ਹੁਣ ਬਦਰਦੀਨ ਵਾਪਸ ਮੰਗ ਰਿਹਾ ਸੀ। ਇਸ ਵਜ੍ਹਾ ਕਾਰਨ ਅਹਿਮਦ ਡਾਰ ਨੇ ਬਦਰਦੀਨ ਨੂੰ ਕਤਲ ਕਰ ਦਿੱਤਾ।
ਕਥਿਤ ਦੋਸ਼ੀ ਨੇ ਬਦਰਦੀਨ ਦੇ ਗਲੇ 'ਤੇ ਚਾਕੂ ਨਾਲ ਤਿੰਨ ਵਾਰ ਕੀਤੇ ਅਤੇ ਗਲਾ ਕੱਟ ਕੇ ਲਾਸ਼ ਸੁੰਨਸਾਨ ਥਾਂ 'ਤੇ ਛੱਡ ਕੇ ਫ਼ਰਾਰ ਹੋ ਗਿਆ ਸੀ। ਪੁਲਿਸ ਨੇ ਮਾਮਲੇ ਵਿੱਚ ਜਾਂਚ ਅਰੰਭ ਦਿੱਤੀ ਸੀ।
ਕਤਲ ਦੇ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਬਦਰਦੀਨ ਦੀ ਪਤਨੀ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਕਿ ਉਸਦੇ ਪਤੀ ਦੀ ਗਲਾ ਕੱਟੀ ਲਾਸ਼ ਲੁਧਿਆਣਾ ਰੋਡ 'ਤੇ ਮਿਲੀ ਹੈ, ਜਿਸ ਸਬੰਧੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਗ੍ਰਿਫ਼ਤਾਰ ਕਰਕੇ ਕਤਲ ਲਈ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ ਗਿਆ ਹੈ।