ਮਲੇਰਕੋਟਲਾ: ਫੀਸ ਨਾ ਭਰਨ ਕਰਕੇ ਇੱਕ ਨਿੱਜੀ ਸਕੂਲ ਵੱਲੋਂ ਬੱਚੇ ਦਾ ਨਾਂਅ ਕੱਟਣ ਵਿਰੁੱਧ ਬੱਚੇ ਦੇ ਪਿਤਾ ਨੇ ਸਕੂਲ ਅੱਗੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਇਨਸਾਫ ਲਈ ਹੜਤਾਲ 'ਤੇ ਬੈਠੇ ਅਹਿਮਦਗੜ੍ਹ ਦੇ ਸਾਹਿਲ ਜਿੰਦਲ ਦਾ ਸਾਥ ਦੇਣ ਲਈ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੀ ਡੱਟੀਆਂ ਹੋਈਆਂ ਹਨ। ਫੀਸ ਨਾ ਭਰਨ ਕਰਕੇ ਬੱਚੇ ਦਾ ਨਾਂਅ ਕੱਟੇ ਜਾਣ ਦਾ ਮਾਮਲਾ ਲੰਮੇ ਸਮੇਂ ਤੋਂ ਚਲ ਰਿਹਾ ਹੈ।
ਬੱਚੇ ਦੇ ਪਿਤਾ ਸਾਹਿਲ ਜਿੰਦਲ ਨੇ ਦੱਸਿਆ ਕਿ ਇਹ ਮਾਮਲਾ ਸਵਾ ਮਹੀਨੇ ਤੋਂ ਲਟਕਾਇਆ ਜਾ ਰਿਹਾ ਹੈ। ਉਸ ਨੇ ਕਿਹਾ ਉਨ੍ਹਾਂ ਨੇ ਸਕੂਲ ਨਾਲ ਸੰਪਰਕ ਕਰਨਾ ਚਾਹਿਆ ਪਰ ਸਕੂਲ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ।
ਉਸ ਨੇ ਕਿਹਾ ਕਿ ਇੱਕ ਵਾਰ ਸਕੂਲ ਪ੍ਰਬੰਧਕਾਂ ਵੱਲੋਂ ਉਸ ਨੂੰ ਫੋਨ ਕਰਕੇ ਭੱਦੀ ਸ਼ਬਦਾਵਲੀ ਵੀ ਬੋਲੀ ਗਈ, ਜਿਸ ਸਬੰਧੀ ਉਸ ਨੇ ਸਿੱਖਿਆ ਮੰਤਰੀ ਸਮੇਤ ਕਈ ਅਧਿਕਾਰੀਆਂ ਨੂੰ ਵੀ ਇਸ ਬਾਰੇ ਸ਼ਿਕਾਇਤ ਕੀਤੀ, ਪਰ ਕੋਈ ਸੁਣਵਾਈ ਨਹੀਂ ਹੋਈ। ਅਖ਼ੀਰ ਉਸ ਨੂੰ ਇਹ ਭੁੱਖ ਹੜਤਾਲ ਸ਼ੁਰੂ ਕਰਨੀ ਪਈ ਹੈ।
ਸਾਹਿਲ ਜਿੰਦਲ ਨੇ ਕਿਹਾ ਕਿ ਉਸਦੇ ਬੱਚੇ ਨੇ ਵੀ ਭੁੱਖ ਹੜਤਾਲ ਵਿੱਚ ਬੈਠਣਾ ਸੀ, ਪਰ ਬਿਮਾਰ ਹੋਣ ਕਾਰਨ ਨਹੀਂ ਉਹ ਨਹੀਂ ਬੈਠਾ। ਉਸ ਨੇ ਕਿਹਾ ਕਿ ਮੇਰਾ ਪਰਿਵਾਰ ਬਹੁਤ ਪ੍ਰੇਸ਼ਾਨ ਹੋ ਗਿਆ ਹੈ ਅਤੇ ਜੇਕਰ ਇਨਸਾਫ ਨਾ ਮਿਲਿਆ ਤਾਂ ਪੂਰਾ ਪਰਿਵਾਰ ਲੜੀਵਾਰ ਭੁੱਖ ਹੜਤਾਲ ਕੀਤੀ ਜਾਵੇਗੀ।
ਇਸ ਦੌਰਾਨ ਸਾਹਿਲ ਜਿੰਦਲ ਦਾ ਸਾਥ ਦੇ ਰਹੀ ਸਮਾਜ ਸੇਵੀ ਜਥੇਬੰਦੀ ਦੇ ਵਰਿੰਦਰ ਸਿੰਘ ਨੇ ਕਿਹਾ ਕਿ ਉਹ ਬੱਚੇ ਦੇ ਪਿਤਾ ਦਾ ਪੂਰਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਇਸ ਵਿੱਚ ਸਕੂਲ ਦੀ ਗਲਤੀ ਤਾਂ ਹੈ ਹੀ ਨਾਲ ਹੀ ਪ੍ਰਸ਼ਾਸਨ ਦੀ ਵੀ ਗਲਤੀ ਹੈ ਕਿਉਂਕਿ ਸਕੂਲ ਦਾ ਮਾਲਕ ਸਿੱਖਿਆ ਮੰਤਰੀ ਦੇ ਨਾਲ-ਨਾਲ ਉਚ ਅਧਿਕਾਰੀਆਂ ਨੂੰ ਵੀ ਭੱਦੀ ਸ਼ਬਦਾਵਲੀ ਵਰਤਦਾ ਹੈ, ਜਿਸ ਵਿਰੁੱਧ ਡਿਪਟੀ ਕਮਿਸ਼ਨਰ ਅਤੇ ਉਚ ਅਧਿਕਾਰੀਆਂ ਨੂੰ ਨੋਟਿਸ ਲੈਂਦਿਆਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।