ਸੰਗਰੂਰ: ਪੰਜਾਬ ਭਰ ਦੀ ਨੌਜਵਾਨ ਪੀੜ੍ਹੀ ਇੱਕ ਚੰਗੇ ਭਵਿੱਖ ਲਈ ਵਿਦੇਸ਼ਾਂ ਦਾ ਰੁੱਖ ਕਰ ਰਹੀ ਹੈ ਪਰ ਉੱਥੇ ਹੀ ਕੁੱਝ ਅਜਿਹੀਆਂ ਮੁਟਿਆਰਾਂ ਵੀ ਹਨ ਜੋ ਕਿ ਆਪਣੀ ਮਿੱਟੀ ਨਾਲ ਜੁੜਕੇ ਪੰਜਾਬ ਵਿੱਚ ਹੀ ਆਪਣੇ ਚੰਗੇ ਭਵਿੱਖ ਲਈ ਮਿਹਨਤ ਕਰ ਰਹੀਆਂ ਹਨ। ਅਜਿਹੀ ਹੀ ਮਿਸਾਲ ਸੰਗਰੂਰ ਦੀ 20 ਸਾਲਾ ਹੋਨਹਾਰ ਧੀ ਅਮਨਦੀਪ ਨੇ ਪੇਸ਼ ਕੀਤੀ ਹੈ, ਜਿਸ ਨੇ ਵਿਦੇਸ਼ ਜਾਣ ਦੀ ਬਜਾਏ ਆਪਣੇ ਪਿਤਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੇਤੀ ਕਰਨ ਦਾ ਕਿੱਤਾ ਚੁਣਿਆ ਹੈ।
ਅਮਨਦੀਪ ਪਿਛਲੇ 3 ਸਾਲਾਂ ਤੋਂ ਪਿਤਾ ਦੇ ਨਾਲ ਖੇਤਾਂ ਵਿੱਚ ਕੰਮ ਕਰਵਾ ਰਹੀ ਹੈ ਅਤੇ ਟਰੈਕਟਰ ਦੇ ਨਾਲ ਖੇਤ ਵੀ ਵਾਹੁੰਦੀ ਹੈ। ਅਮਨਦੀਪ ਪਟਿਆਲੇ ਦੇ ਖਾਲਸਾ ਕਾਲਜ ਵਿੱਚ ਫੂਡ ਪ੍ਰੋਸੇਸਿੰਗ ਦਾ ਕੋਰਸ ਕਰ ਰਹੀ ਹੈ ਅਤੇ ਪੜ੍ਹਾਈ ਦੇ ਨਾਲ-ਨਾਲ ਝੋਨਾ ਲਗਾਉਣ ਲਈ ਪੂਰਾ ਖੇਤ ਆਪਣੇ ਆਪ ਹੀ ਤਿਆਰ ਕਰਦੀ ਹੈ।
ਅਮਨਦੀਪ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਖੇਤ ਵਿੱਚ ਕੰਮ ਕਰਦੀ ਹੈ ਤਾਂ ਪਿੰਡ ਦੇ ਲੋਕ ਵੀ ਉਸਦਾ ਹੌਸਲਾ ਵਧਾਉਂਦੇ ਹਨ। ਅਮਨਦੀਪ ਨੇ ਆਈਲੈਟਸ ਵੀ ਕਲੀਅਰ ਕੀਤਾ ਹੋਇਆ ਹੈ ਪਰ ਇਸਦੇ ਬਾਵਜੂਦ ਵੀ ਉਸ ਨੇ ਵਿਦੇਸ਼ ਜਾਣਾ ਰੱਦ ਕਰ ਦਿੱਤਾ ਕਿਉਂਕਿ ਉਸਦਾ ਭਰਾ ਚੰਡੀਗੜ੍ਹ ਪੜ੍ਹਦਾ ਹੈ ਜਿਸ ਕਾਰਨ ਉਸ ਦੇ ਪਿਤਾ ਨਾਲ ਖੇਤੀ 'ਚ ਹੱਥ ਵਟਾਉਣ ਵਾਲਾ ਕੋਈ ਵੀ ਨਹੀਂ ਸੀ।
ਅਮਨਦੀਪ ਨੇ ਇਹ ਵੀ ਕਿਹਾ ਕਿ ਉਸਦੇ ਦੋਸਤਾਂ ਨੇ ਵੀ ਉਸ ਨੂੰ ਵਿਦੇਸ਼ ਆਉਣ ਲਈ ਕਿਹਾ ਸੀ ਪਰ ਹੁਣ ਅਮਨਦੀਪ ਦੇ ਦੋਸਤ ਵੀ ਉਸ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਕਿਉਂਕਿ ਦੁਨੀਆ ਭਰ 'ਚ ਫੈਲੀ ਮਹਾਂਮਾਰੀ ਕਾਰਨ ਵਿਦੇਸ਼ਾਂ ਵਿੱਚ ਰੁਜ਼ਗਾਰ ਲੱਭਣਾ ਮੁਸ਼ਕੁਲ ਹੋ ਗਿਆ ਹੈ।
ਅਮਨਦੀਪ ਦੇ ਪਿਤਾ ਹਰਮਿਲਾਪ ਸਿੰਘ ਨੇ ਕਿਹਾ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੀ ਧੀ ਖੇਤ ਵਿੱਚ ਉਨ੍ਹਾਂ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਦੂਸਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੀ ਆਪਣੀਆਂ ਧੀਆਂ ਨੂੰ ਖੇਤੀਬਾੜੀ ਦਾ ਕੰਮ ਕਰਨ ਲਈ ਉਤਸ਼ਾਹਿਤ ਕਰਨ। ਹਰਮਿਲਾਪ ਸਿੰਘ ਦਾ ਕਹਿਣਾ ਸੀ ਕਿ ਅਮਨ ਨੇ 17 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨਾਲ ਖੇਤ ਵਿੱਚ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ।