ਸੰਗਰੂਰ: ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਆਰਡੀਨੈਂਸਾਂ ਵਿਰੁੱਧ ਕਿਸਾਨਾਂ ਦੇ ਰੋਸ ਧਰਨੇ ਜਾਰੀ ਹਨ। ਇਸ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੇਲਵੇ ਸਟੇਸ਼ਨ ਸੁਨਾਮ ਵਿਖੇ ਐਤਵਾਰ ਨੂੰ ਚੌਥੇ ਦਿਨ ਵੀ ਧਰਨਾ ਜਾਰੀ ਰਿਹਾ।
ਐਤਵਾਰ ਨੂੰ ਸੁਨਾਮ ਰੇਲਵੇ ਲਾਈਨਾਂ 'ਤੇ ਬੈਠੇ ਕਿਸਾਨਾਂ ਦੇ ਧਰਨੇ ਵਿੱਚ ਗਾਇਕ ਕੰਵਰ ਗਰੇਵਾਲ ਅਤੇ ਹਰਜੋਤ ਨੇ ਵੀ ਹਾਜ਼ਰੀ ਭਰਦੇ ਹੋਏ ਸਮਰਥਨ ਦਾ ਐਲਾਨ ਕੀਤਾ। ਗਾਇਕ ਕੰਵਰ ਗਰੇਵਾਲ ਨੇ ਕਿਹਾ ਇਹ ਦੁੱਖ ਦੀ ਗੱਲ ਹੈ ਕਿ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਲੋਕ ਵਿਰੋਧੀ ਹੈ ਅਤੇ ਕਿਸਾਨ ਤਾਂ ਬਾਅਦ ਵਿੱਚ ਆਵੇਗਾ ਪਹਿਲਾਂ ਆਮ ਲੋਕਾਂ 'ਤੇ ਇਸਦਾ ਬੁਰਾ ਅਸਰ ਹੋਵੇਗਾ।
ਗਾਇਕ ਹਰਜੋਤ ਨੇ ਵੀ ਗੱਲਬਾਤ ਦੌਰਾਨ ਨੌਜਵਾਨਾਂ ਨੂੰ ਮੋਬਾਈਲਾਂ 'ਤੇ ਸੋਸ਼ਲ ਮੀਡੀਆ ਦਾ ਰੁਝਾਨ ਛੱਡ ਕੇ ਕਿਸਾਨੀ ਸੰਘਰਸ਼ ਵੱਲ ਧਿਆਨ ਦੇਣ ਲਈ ਕਿਹਾ ਹੈ ਕਿਉਂਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ। ਉਸ ਨੇ ਕਿਹਾ ਕਿ ਜੇਕਰ ਅਸੀਂ ਗੰਭੀਰ ਨਾ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਸਾਡਾ ਪੰਜਾਬ ਨਹੀਂ ਰਹੇਗਾ ਸਗੋਂ ਇਨ੍ਹਾਂ ਅੰਬਾਨੀਆਂ-ਅਡਾਨੀਆਂ ਨੇ ਲੁੱਟ ਕੇ ਲੈ ਜਾਣਾ ਹੈ।
ਧਰਨੇ ਵਿੱਚ ਵੱਡੀ ਗਿਣਤੀ 'ਚ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਬਜ਼ੁਰਗ, ਨੌਜਵਾਨ ਅਤੇ ਬਸੰਤੀ ਰੰਗ ਦੇ ਦੁਪੱਟੇ ਨਾਲ ਔਰਤਾਂ ਹਾਜ਼ਰ ਸਨ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।