ਸੰਗਰੂਰ: ਭਾਰਤ-ਚੀਨ ਸਰਹੱਦ 'ਤੇ ਚੀਨੀ ਫੌਜੀਆਂ ਨਾਲ ਹਿੰਸਕ ਝੜਪ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੋਲੇਵਾਲ ਦੇ ਵਸਨੀਕ ਸਿਪਾਹੀ ਗੁਰਬਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਭਾਰਤੀ ਫੌਜ ਦੇ ਜਵਾਨਾਂ ਨੇ ਸਲਾਮੀ ਦੇ ਕੇ ਸ਼ਰਧਾਜਲੀ ਭੇਂਟ ਕੀਤੀ।
ਇਸ ਮੌਕੇ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ, 50 ਲੱਖ ਰੁਪਏ ਗ੍ਰਾਟ ਅਤੇ ਸਕੂਲ ਦਾ ਨਾਂਅ ਸ਼ਹੀਦ ਗੁਰਬਿੰਦਰ ਸਿੰਘ ਦੇ ਨਾਂਅ 'ਤੇ ਰੱਖਣ ਦਾ ਐਲਾਨ ਕੀਤਾ ਹੈ।
ਲੱਦਾਖ ਦੀ ਗਲਵਾਨ ਘਾਟੀ ਵਿੱਚ ਸੋਮਵਾਰ ਰਾਤ ਨੂੰ ਭਾਰਤੀ ਫੌਜ ਦੇ ਜਵਾਨਾਂ ਦੀ ਚੀਨੀ ਫੌਜ ਦੇ ਜਵਾਨਾਂ ਨਾਲ ਹਿੰਸਕ ਝੜਪ ਹੋ ਗਈ ਸੀ। ਇਸ ਵਿੱਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਹਨ। ਇਨ੍ਹਾਂ ਸ਼ਹੀਦ ਹੋਏ ਜਵਾਨਾਂ ਵਿੱਚੋਂ ਇੱਕ ਗੁਰਬਿੰਦਰ ਸਿੰਘ ਨਾਂਅ ਦਾ ਨੌਜਵਾਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੋਲੇਵਾਲ ਦਾ ਰਹਿਣ ਵਾਲਾ ਸੀ।
ਗੁਰਬਿੰਦਰ ਸਿੰਘ ਪਿੰਡ ਦੇ ਕਿਸਾਨ ਲਾਭ ਸਿੰਘ ਦਾ 22 ਵਰ੍ਹਿਆਂ ਦਾ ਇਹ ਨੌਜਵਾਨ ਪੁੱਤਰ ਦੋ ਸਾਲ ਪਹਿਲਾਂ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਉਹ ਆਪਣੇ ਭਰਾ ਤੇ ਭੈਣ ਨਾਲੋਂ ਛੋਟਾ ਸੀ। ਇਸ ਨੌਜਵਾਨ ਦੀ ਮੰਗਣੀ ਹੋ ਚੁੱਕੀ ਸੀ ਤੇ ਇਸ ਸਾਲ ਵਿਆਹ ਹੋਣਾ ਸੀ।
ਇਹ ਵੀ ਪੜੋ: ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਚੰਡੀਗੜ੍ਹ ਪਹੁੰਚਣ 'ਤੇ ਮੁੱਖ ਮੰਤਰੀ ਨੇ ਦਿੱਤੀ ਸਲਾਮੀ
ਦੱਸ ਦੇਈਏ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਸੋਮਵਾਰ ਦੀ ਰਾਤ ਨੂੰ ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਹੋਈ ਝੜਪ ਵਿੱਚ ਪੰਜਾਬ ਦੇ ਚਾਰ ਸਪੂਤਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਇਹ ਚਾਰੋ ਸ਼ਹੀਦ ਜਵਾਨ ਪੰਜਾਬ ਦੇ ਸੰਗਰੂਰ, ਗੁਰਦਾਸਪੁਰ, ਪਟਿਆਲਾ ਅਤੇ ਮਾਨਸਾ ਨਾਲ ਸਬੰਧਤ ਹਨ।