ਸੰਗਰੂਰ/ਬਰਨਾਲਾ: ਲੋਕ ਸਭਾ ਹਲਕਾ ਸੰਗਰੂਰ ਦੀਆਂ ਜ਼ਿਮਨੀ ਚੋਣਾਂ ਨੂੰ ਲੈਕੇ ਅੱਜ ਵੋਟਿੰਗ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਗਈ ਹੈ। ਜਿਸ ਨੂੰ ਲੈਕੇ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹਨ ਤਾਂ ਉਮੀਦਵਾਰਾਂ ਵਲੋਂ ਵੀ ਆਪਣੀ ਵੋਟ ਭੁਗਤਾਈ ਜਾ ਰਹੀ ਹੈ।
ਆਪ ਉਮੀਦਵਾਰ ਨੇ ਪਾਈ ਵੋਟ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈਕੇ ਆਪ ਉਮੀਦਵਾਰ ਗੁਰਮੇਲ ਸਿੰਘ ਵਲੋਂ ਆਪਣੇ ਪਰਿਵਾਰ ਸਮੇਤ ਵੋਟ ਪਾਈ ਗਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਵਾਰ ਫਿਰ ਤੋਂ ਤੀਜੀ ਵਾਰ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਦੋ ਵਾਰ ਹਲਕੇ ਦੇ ਲੋਕਾਂ ਵਲੋਂ ਪਾਰਟੀ 'ਤੇ ਭਰੋਸਾ ਜਿਤਾਇਆ ਗਿਆ ਹੈ ਅਤੇ ਇਸ ਵਾਰ ਪਿਰ ਤੋਂ ਜਿੱਤ ਦੀ ਹੈਟ੍ਰਿਕ ਉਨ੍ਹਾਂ ਦੇ ਨਾਮ ਹੀ ਬੋਲੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਨਮਾਨਦਾਰ ਸਰਕਾਰ ਤੋਂ ਲੋਕ ਖੁਸ਼ ਹਨ।
ਭਾਜਪਾ ਉਮੀਦਵਾਰ ਨੇ ਭੁਗਤਾਈ ਵੋਟ: ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਲੋਂ ਆਪਣੇ ਪਰਿਵਾਰ ਸਮੇਤ ਵੋਟ ਭੁਗਤਾਈ ਗਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲੋਕ ਸਮਝਦਾਰ ਹਨ ਅਤੇ ਉਨ੍ਹਾਂ ਦੀ ਝੋਲੀ ਜਿੱਤ ਜ਼ਰੂਰ ਪਾਉਣਗੇ। ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ।
ਕਾਂਗਰਸ ਉਮੀਦਵਾਰ ਨੇ ਜਿੱਤ ਦਾ ਠੋਕਿਆ ਦਾਅਵਾ: ਸੰਗਰੂਰ ਜ਼ਿਮਨੀ ਚੋਣਾਂ 'ਚ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਆਏ ਦਲਵੀਰ ਸਿੰਘ ਗੋਲਡੀ ਦਾ ਕਹਿਣਾ ਕਿ ਹਲਕੇ ਦੇ ਲੋਕ ਯਕੀਨਨ ਉਨ੍ਹਾਂ ਨੂੰ ਜਿੱਤਵਾ ਕੇ ਲੋਕ ਸਭਾ ਭੇਜਣਗੇ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਕਿ ਸੂਬੇ ਦੇ ਲੋਕਾਂ ਦਾ ਤਿੰਨ ਮਹੀਨਿਆਂ 'ਚ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੋਵੇ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਉਨ੍ਹਾਂ ਦਾ ਪਿਆਰ ਰਾਜਨੀਤੀ ਤੋਂ ਉਪਰ ਉਠ ਕੇ ਪਹਿਲਾਂ ਹੈ। ਇਸ ਲਈ ਆਪਣੇ ਪੁੱਤ 'ਤੇ ਲੋਕ ਜ਼ਰੂਰ ਯਕੀਨ ਦਿਖਾਉਣਗੇ।
ਬੰਦੀ ਸਿੰਘਾਂ ਦੀ ਰਿਹਾਈ ਲਈ ਪਾਉਣ ਵੋਟ: ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਦਾ ਕਹਿਣਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਲੋਕਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਤਾਂ ਕਰ ਰਹੀ ਹੈ ਪਰ ਦਿੱਲੀ 'ਚ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਹੀਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ: ਸੰਗਰੂਰ ਜ਼ਿਮਨੀ ਚੋਣ: 8 ਵਜੇ ਵੋਟਿੰਗ ਹੋਈ ਸ਼ੁਰੂ