ਸੰਗਰੂਰ: ਸਾਈਕਲਿੰਗ ਦੀ ਖਿਡਾਰਣ ਬਲਜੀਤ ਕੌਰ ਕੌਮੀ ਪੱਧਰ ਉੱਤੇ ਸੋਨ ਤਗ਼ਮਾ ਜਿੱਤ ਕੇ ਪੰਜਾਬ ਦਾ ਮਾਣ ਵਧਾ ਚੁੱਕੀ ਹੈ। ਇਸ ਤੋਂ ਇਲਾਵਾ ਵੀ ਉਸ ਨੇ ਇਸ ਖੇਡ ਵਿੱਚ ਕਈ ਮੈਡਲ ਜਿੱਤੇ ਹਨ। ਉਹ ਇਸ ਖੇਡ ਨੂੰ ਅੱਗੇ ਵੀ ਜਾਰੀ ਰੱਖਣਾ ਚਾਹੁੰਦੀ ਹੈ, ਪਰ ਗਰੀਬੀ ਉਸ ਦੇ ਰਾਹ ਦਾ ਰੋੜਾ ਬਣ ਰਹੀ ਹੈ। ਬਲਜੀਤ ਕੌਰ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਸਰਕਾਰਾਂ ਪ੍ਰਤੀ ਕਾਫੀ ਰੋਸ ਪ੍ਰਗਟ ਕੀਤਾ।
ਨਾ ਮੀਤ ਹੇਅਰ, ਨਾ ਸੀਐਮ ਮਾਨ ਨੇ ਲਈ ਸਾਰ: ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਦਾ ਬਿਆਨ ਆਇਆ ਸੀ ਕਿ ਅਸੀਂ ਸਪੋਰਟਸ ਵਾਲੇ ਬੱਚਿਆਂ ਨੂੰ ਸਿੱਧਾ ਭਰਤੀ ਕਰਾਂਗੇ। 2016 ਤੋਂ ਲੈ ਕੇ ਕੋਈ ਭਰਤੀ ਨਹੀਂ ਆਈ, ਕਾਫੀ ਆਸਾਮੀਆਂ ਖਾਲੀ ਹਨ, ਜੇ ਉਹ ਚਾਹੁਣ ਤਾਂ ਹੁਣ ਨੌਕਰੀ ਦੇ ਸਕਦੇ ਹਨ। ਪਰ, ਆਪ ਦੀ ਸਰਕਾਰ ਆਮ ਜਨਤਾ ਦਾ ਨਹੀਂ ਸੋਚ ਰਹੀ। ਉਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਸੰਗਰੂਰ ਤੋਂ ਹਨ, ਉਨ੍ਹਾਂ ਨੇ ਵੀ ਅਪਣੇ ਇਲਾਕੇ ਦੇ ਬੱਚਿਆਂ ਤੇ ਖਿਡਾਰੀਆਂ ਬਾਰੇ ਨਹੀਂ ਸੋਚਿਆ ਹੈ। ਉਸ ਨੇ ਕਿਹਾ ਕਿ ਇਸ ਪਹਿਲਾਂ ਕਾਂਗਰਸ ਸਰਕਾਰ ਨੂੰ ਵੀ ਉਹ ਚਿੱਠੀਆਂ ਲਿੱਖ-ਲਿੱਖ ਕੇ ਥੱਕ ਗਈ ਨਾ ਉਦੋਂ ਸੁਣੀ ਗਈ ਤੇ ਨਾ ਹੁਣ।
ਆਪ ਸਰਕਾਰ ਝੂਠੇ ਵਾਅਦੇ ਕਰਕੇ ਆਈ: ਬਲਜੀਤ ਕੌਰ ਨੇ ਕਿਹਾ ਕਿ ਵੋਟਾਂ ਵੇਲ੍ਹੇ ਆਪ ਸਰਕਾਰ ਕਹਿੰਦੀ ਸੀ ਕਿ ਅਸੀਂ ਆਮ ਆਦਮੀ ਦੀ ਸਰਕਾਰ ਲਿਆਵਾਂਗੇ, ਜਿੱਥੇ ਆਮ ਜਨਤਾ ਤੇ ਗਰੀਬ ਦੀ ਸੁਣਵਾਈ ਹੋਵੇਗੀ। ਉਸ ਨੇ ਕਿਹਾ ਕਿ ਉਸ ਨੂੰ ਨਹੀਂ ਲੱਗਦਾ ਹੈ ਇੰਝ ਹੋ ਰਿਹਾ ਹੈ, ਜਦਕਿ ਅਮੀਰਾਂ ਦੀ ਹੀ ਸੁਣਵਾਈ ਹੈ। ਸਾਡੇ ਵਰਗਿਆਂ ਨੂੰ ਕੋਈ ਨਹੀਂ ਪੁੱਛ ਰਿਹਾ। ਬਲਜੀਤ ਨੇ ਕਿਹਾ ਕਿ ਵੋਟਾਂ ਲੈਣ ਵਾਲੇ ਸ਼ਾਮ ਨੂੰ ਕੀਤੇ ਵਾਅਦ, ਸਰਕਾਰ ਸਵੇਰੇ ਨੂੰ ਭੁੱਲ ਚੁੱਕੀ ਹੈ।
ਗੈਂਗਸਟਰ ਵੀ ਉਦੋਂ ਪੈਦਾ ਹੁੰਦੇ, ਜਦੋਂ ਸਰਕਾਰ ਸਾਥ ਨਹੀਂ ਦਿੰਦੀ: ਬਲਜੀਤ ਕੌਰ ਨੇ ਵੱਡੀ ਗੱਲ ਕਹਿੰਦਿਆਂ ਇਹ ਇਲਜ਼ਾਮ ਵੀ ਲਾਇਆ ਕਿ ਅਕਸਰ ਅਸੀਂ ਸੁਣਦੇ ਹਾਂ ਕਿ ਇਹ ਪਹਿਲਾਂ ਚੰਗਾ ਖਿਡਾਰੀ ਸੀ, ਪਰ ਹੁਣ ਗੈਂਗਸਟਰ ਬਣ ਗਿਆ ਜਾਂ ਨਸ਼ੇੜੀ ਬਣ ਚੁੱਕਾ ਹੈ। ਤਾਂ ਇਹ ਸਭ ਉਸ ਸਮੇਂ ਹੀ ਹੁੰਦਾ ਹੈ, ਜਦੋਂ ਸਰਕਾਰ ਲਾਇਕ ਤੇ ਲੋੜਵੰਦ ਖਿਡਾਰੀਆਂ ਦੀ ਬਾਂਹ ਨਹੀਂ ਫੜ੍ਹਦੀ। ਇਸ ਪਿਛੇ ਵੀ ਸਰਕਾਰਾਂ ਹੀ ਜ਼ਿੰਮੇਵਾਰ ਹੁੰਦੀਆਂ ਹਨ।
ਬਲਜੀਤ ਕੌਰ ਨੇ ਦੱਸਿਆ ਕਿ ਉਹ ਹੁਣ ਆਮ ਆਦਮੀ ਪਾਰਟੀ ਦੇ ਵੀ ਕਈ ਮੰਤਰੀਆਂ ਨੂੰ ਮਿਲ ਚੁੱਕੀ ਹੈ, ਉਨ੍ਹਾਂ ਵਲੋਂ ਭਰੋਸਾ ਦਿੱਤਾ ਜਾਂਦਾ ਹੈ, ਪਰ ਫਿਰ ਭੁੱਲ ਜਾਂਦੇ ਹਨ। ਨਾ ਕੋਈ ਫੋਨ ਆਉਂਦਾ ਤੇ ਨਾ ਨੌਕਰੀ ਲਈ ਕੋਈ ਚਿੱਠੀ। ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਨੌਕਰੀ ਦਿੱਤੀ ਜਾਵੇਂ, ਤਾਂ ਜੋ ਉਹ ਘਰ ਦਾ ਗੁਜ਼ਾਰਾ ਕਰਨ ਦੇ ਨਾਲ-ਨਾਲ ਅਪਣੀ ਗੇਮ ਨੂੰ ਅੱਗੇ ਜਾਰੀ ਰੱਖ ਸਕੇ।