ਲਹਿਰਾਗਾਗਾ: ਮੂਨਕ ਨੇੜੇ ਪਿੰਡ ਸ਼ੇਰਗੜ੍ਹ ਵਿੱਚ ਰਜਵਾਹਾ ਟੁੱਟਣ ਕਾਰਨ ਕਿਸਾਨਾਂ ਦੀ ਕਈ ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਰਜਵਾਹਾ ਟੁੱਟਣ ਦਾ ਕਾਰਨ ਅਚਾਨਕ ਰਜਵਾਹੇ ਵਿੱਚ ਪਾਣੀ ਦੀ ਮਾਤਰਾ ਦਾ ਵੱਧ ਆਉਣਾ ਹੈ।
ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਰਜਵਾਹੇ ਦੀ ਟੇਲ ਅੱਗੇ ਤੋਂ ਬੰਦ ਹੈ। ਇਸ ਕਾਰਨ ਜਦੋਂ ਵੀ ਰਜਵਾਹੇ ਵਿੱਚ ਪਾਣੀ ਆਉਂਦਾ ਹੈ ਤਾਂ ਪਾਣੀ ਅੱਗੇ ਨਹੀਂ ਲੰਘਦਾ, ਜਿਸ ਕਾਰਨ ਹਰ ਸਾਲ ਇਹ ਰਜਵਾਹਾ ਟੁੱਟ ਜਾਂਦਾ ਹੈ। ਕਿਸਾਨਾਂ ਨੇ ਕਿਹਾ ਕਿ ਨਹਿਰੀ ਵਿਭਾਗ ਰਜਵਾਹੇ ਵਿੱਚ ਬੇ-ਵਖਤੀ ਪਾਣੀ ਛੱਡਦਾ ਹੈ। ਕਿਸਾਨਾਂ ਨੇ ਕਿਹਾ ਕਿ ਕਦੀ ਵੀ ਉਨ੍ਹਾਂ ਨੂੰ ਲੋੜ ਵੇਲੇ ਰਜਬਾਹੇ ਵਿੱਚ ਪਾਣੀ ਨਹੀਂ ਮਿਲਦਾ। ਜਦੋਂ ਮੀਂਹ ਪੈਂਦਾ ਹੈ ਸਿਰਫ ਆਉਂਦਾ ਪਾਣੀ ਇੱਥੇ ਪਹੁੰਚਦਾ ਹੈ ਅਤੇ ਰਜਵਾਹਾ ਟੁੱਟਣ ਕਾਰਨ ਫਸਲਾਂ ਦਾ ਨੁਕਸਾਨ ਹੁੰਦਾ ਹੈ।
ਕਿਸਾਨਾਂ ਨੇ ਕਿਹਾ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਬਾਰ-ਬਾਰ ਸੂਚਿਤ ਕੀਤਾ ਗਿਆ ਹੈ ਪਰ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਕਿਸਾਨਾਂ ਨੇ ਮੰਗ ਕੀਤੀ ਕਿ ਨਹਿਰੀ ਵਿਭਾਗ ਇਸ ਰਜਵਾਹੇ ਦਾ ਕੋਈ ਸਥਾਈ ਹੱਲ ਕਰੇ। ਕਿਸਾਨਾਂ ਨੇ ਆਪਣੀਆਂ ਫਸਲਾਂ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ।
ਇਸ ਬਾਰੇ ਐੱਸਡੀਐੱਮ ਸੂਬਾ ਸਿੰਘ ਨੇ ਕਿਹਾ ਕਿ ਨਹਿਰੀ ਵਿਭਾਗ ਨੂੰ ਹਦਾਇਤਾਂ ਕੀਤੀ ਗਈਆਂ ਹਨ ਕਿ ਰਜਵਾਹੇ ਦੇ ਪਾੜ ਨੂੰ ਤੁਰੰਤ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਇਸੇ ਨਾਲ ਹੀ ਇਸ ਦੇ ਸਥਾਈ ਹੱਲ ਲਈ ਵੀ ਨਹਿਰੀ ਵਿਭਾਗ ਨੂੰ ਕਿਹਾ ਗਿਆ ਹੈ।