ਮਲੇਰਕੋਟਲਾ: ਸ਼ਹਿਰ ਦੇ ਨੇੜਲੇ ਪਿੰਡ ਹਥੌਆ ਵਿਖੇ ਸਥਿਤ ਗੁਰਦੁਆਰਾ ਸਾਹਿਬ 'ਚ ਵਾਪਰੀ ਬੇਅਦਬੀ ਦੀ ਘਟਨਾ ਦੀ ਪੜਤਾਲ 'ਚ ਜਿੱਥੇ ਪੰਜਾਬ ਪੁਲਿਸ ਦੇ ਸੀਨੀ ਅਧਿਕਾਰੀ ਜੁਟੇ ਹੋਏ ਹਨ, ਉੱਥੇ ਹੀ ਘਟਨਾ ਦਾ ਜਾਇਜ਼ਾ ਲੈਣ ਪੰਜਾਬ ਦੇ ਪੁਲਿਸ ਮੁੱਖੀ ਦਿਨਕਰ ਗੁਪਤਾ ਪਹੁੰਚੇ। ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਡੀਜੀਪੀ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ, ਜਿਸ ਨਾਲ ਸਿੱਖਾਂ ਦੇ ਹਿਰਦੇ ਵਲੁੰਦਰੇ ਗਏ ਹਨ ਅਤੇ ਸਿੱਖ ਸੰਗਤਾਂ 'ਚ ਭਾਰੀ ਰੋਸ ਹੈ। ਘਟਨਾ ਤੋਂ ਬਾਅਦ ਸ਼ਾਂਤੀ ਬਣਾਈ ਰੱਖਣ ਲਈ ਡੀਜੀਪੀ ਪੰਜਾਬ ਨੇ ਸਿੱਖ ਸੰਗਤਾਂ ਅਤੇ ਸਥਾਨਕ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ।
ਡੀਜੀਪੀ ਪੰਜਾਬ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਖ਼ਰਾਬ ਸਨ, ਜਿਸਦੇ ਚਲਦਿਆਂ ਉਨ੍ਹਾਂ ਨੂੰ ਤਫ਼ਦੀਸ਼ 'ਚ ਸਮਾਂ ਲਗ ਰਿਹਾ ਹੈ, ਫਿਲਹਾਲ ਤਫ਼ਦੀਸ਼ ਆਪਣੇ ਆਖ਼ਰੀ ਪੜਾਅ 'ਤੇ ਹੈ ਡੀਜੀਪੀ ਨੇ ਕਿਹਾ ਕਿ ਪੜਤਾਲ ਦੌਰਾਨ ਬਿਜਲੀ ਵਿਭਾਗ ਦੇ ਮਾਹਿਰ ਵੀ ਬੁਲਾਏ ਗਏ ਹਨ ਕਿਉਂਕਿ ਕਈ ਵਾਰ ਤਾਰਾ ਦੇ ਨਾਲ ਸ਼ਾਰਟ-ਸਰਕਿਟ ਹੋਣ ਨਾਲ ਵੀ ਅਜਿਹੀ ਘਟਨਾ ਵਾਪਰ ਜਾਂਦੀ ਹੈ।
ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ 'ਚ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ਾ ਕੀਤੀਆਂ ਜਾ ਰਹਿਆਂ ਹਨ ਅਤੇ ਪਿਛਲੇ ਕੁੱਝ ਸਮੇਂ ਤੋਂ ਇਨਾਂ ਘਟਨਾਵਾਂ 'ਤੇ ਕਾਫ਼ੀ ਹੱਦ ਤੱਕ ਠੱਲ ਵੀ ਪੈ ਗਈ ਹੈ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਘਟਨਾ ਸਥਾਨ 'ਤੇ ਪਹੁੰਚਣਗੇ।