ਸੰਗਰੂਰ: ਇਨਸਾਨ ਪ੍ਰਮਾਤਮਾ ਦਾ ਸ਼ੁਕਰਾਨਾ ਉਸ ਵੇਲੇ ਕਰਦਾ ਹੈਂ ਜਦੋਂ ਉਸਦੇ ਅੰਗ ਸਹੀ ਸਲਾਮਤ ਹੁੰਦੇ ਹਨ ਤਾ ਜੋਂ ਉਹ ਦੁਨੀਆ ਵਿੱਚ ਆਪਣੇ ਅਤੇ ਆਪਣੇ ਪਰਿਵਾਰ ਲਈ ਕੁਝ ਕਰਨ ਦੇ ਕਾਬਿਲ ਹੋਵੇ। ਪਰ ਕੁਝ ਲੋਕਾਂ ਨਾਲ ਅਣਹੋਣੀ ਵੀ ਹੁੰਦੀ ਹੈ ਜਿਸ ਕਰਕੇ ਉਹ ਸਾਰੀ ਉਮਰ ਆਪਣੇ ਆਪ ਨੂੰ ਪੂਰਾ ਮਹਿਸੂਸ ਨਹੀਂ ਕਰ ਪਾਉਂਦੇ ਪਰ ਆਪਣੇ ਆਪ ਨੂੰ ਸੰਭਾਲ ਕੇ ਅੱਗੇ ਵਧਦੇ ਹਨ ਅਤੇ ਰੱਬ ਦੇ ਹਰ ਭਾਣੇ ਨੂੰ ਮੰਨ ਕੇ ਚਲਦੇ ਹਨ।
ਅਜਿਹੀ ਹੀ ਇਕ ਮਿਸਾਲ ਪੇਸ਼ ਕਰ ਰਿਹਾ ਹੈ ਸੰਗਰੂਰ ਦੇ ਦਿੜਬਾ ਦੇ ਕਨੌੜਾ ਪਿੰਡ ਤੋਂ ਜਤਿੰਦਰ ਸਿੰਘ, ਜਿਸ ਦੀਆਂ ਬਚਪਨ ਤੋਂ ਹੀ ਦੋਵੇਂ ਬਾਂਹਾਂ ਨਹੀਂ ਹਨ ਤੇ ਆਪਣੀ ਜ਼ਿੰਦਗੀ ਹੌਂਸਲੇ ਤੇ ਹਿੰਮਤ ਸਦਕਾ ਜੀ ਰਿਹਾ ਹੈ। 18 ਸਾਲਾ ਜਤਿੰਦਰ ਸਿੰਘ ਦੀਆਂ ਜਨਮ ਤੋਂ ਹੀ ਦੋਵੇਂ ਬਾਹਾਂ ਨਹੀਂ ਹਨ ਪਰ ਫੇਰ ਵੀ ਉਹ ਆਪਣੀ ਜਿੰਦਗੀ ਆਪਣੇ ਬਲਬੂਤੇ 'ਤੇ ਜੀ ਰਿਹਾ ਹੈ, ਇਥੇ ਤੱਕ ਕਿ ਪੜਾਈ ਲਿਖਾਈ ਵੀ ਉਹ ਖੁਦ ਕਰਦਾ ਹੈ।
ਪੈਰਾਂ ਨਾਲ ਲਿਖਣ ਵਾਲਾ ਜਤਿੰਦਰ ਉਨ੍ਹਾਂ ਤੋਂ ਵੀ ਸੋਹਣੀ ਲਿਖਾਈ ਲਿਖ ਲੈਂਦਾ ਹੈ ਜਿਨ੍ਹਾਂ ਦੇ ਹੱਥ ਸਹੀ ਸਲਾਮਤ ਹਨ। ਜਤਿੰਦਰ ਨੇ ਦੱਸਿਆ ਕਿ ਉਸ ਨੂੰ ਆਪਣੇ ਇਸ ਕੰਮ ਲਈ 26 ਜਨਵਰੀ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ਅਤੇ ਉਸ ਦੀ ਮਦਦ ਲਈ ਸਹਾਇਤਾ ਰਾਸ਼ੀ ਵੀ ਐਲਾਨੀ ਗਈ ਸੀ ਪਰ ਹੁਣ ਤਕ ਉਸ ਨੂੰ ਉਹ ਰਾਸ਼ੀ ਨਹੀਂ ਮਿਲੀ ਹੈ। ਜਤਿੰਦਰ ਦਾ ਸੁਪਨਾ ਹੈ ਕਿ ਉਹ ਪੜ੍ਹ ਲਿਖ ਕੇ ਚੰਗੀ ਨੌਕਰੀ ਕਰੇ ਅਤੇ ਆਪਣੇ ਵਰਗੇ ਬੱਚਿਆਂ ਦੀ ਸੇਵਾ ਕਰ ਸਕੇ ਤਾਂ ਜੋ ਉਨ੍ਹਾਂ ਨੂੰ ਉਹ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਜੋ ਉਸ ਨੂੰ ਕਰਨਾ ਪਿਆ ਹੈ।
ਜਤਿੰਦਰ ਦੀ ਮਾਂ ਦਾ ਕਹਿਣਾ ਹੈ ਕਿ ਭਾਵੇ ਉਨ੍ਹਾਂ ਦਾ ਲੜਕਾ ਆਪਣੇ ਬਲਬੂਤੇ 'ਤੇ ਜ਼ਿੰਦਗੀ ਜੀ ਰਿਹਾ ਹੈ ਪਰ ਸਰਕਾਰ ਵੱਲੋਂ ਉਨ੍ਹਾਂ ਮਦਦ ਕੀਤੀ ਜਾਵੇ ਤਾਂ ਜਤਿੰਦਰ ਨੂੰ ਇੱਕ ਚੰਗਾ ਭਵਿੱਖ ਮਿਲ ਸਕੇ। ਦੂਜੇ ਪਾਸੇ ਜਤਿੰਦਰ ਦੇ ਸਕੂਲ ਦੇ ਪ੍ਰਿੰਸੀਪਲ ਨੇ ਵੀ ਦੱਸਿਆ ਕਿ ਜਤਿੰਦਰ 4 ਸਾਲ ਦੀ ਉਮਰ ਤੋਂ ਸਕੂਲ ਦੇ ਵਿੱਚ ਪੜ੍ਹ ਰਿਹਾ ਹੈ ਅਤੇ ਉਹ ਦੋਵੇ ਬਾਹਾਂ ਨਾ ਹੋਣ ਦੇ ਬਾਵਜੂਦ ਹਰ ਤਰ੍ਹਾਂ ਨਾਲ ਪੂਰਨ ਹੈ। ਜ਼ਿੰਦਾ ਦਿਲੀ ਦੀ ਇਸ ਮਿਸਾਲ ਤੋਂ ਉਨ੍ਹਾਂ ਲੋਕਾਂ ਨੂੰ ਸੇਧ ਲੈਣ ਦੀ ਲੋੜ ਹੈ, ਜੋ ਸਭ ਕੁਝ ਹੁੰਦਿਆਂ ਵੀ ਜ਼ਿੰਦਗੀ ਤੋਂ ਹਾਰ ਮੰਨ ਕੇ ਬਹਿ ਜਾਂਦੇ ਹਨ।