ਸੰਗਰੂਰ: ਇੱਕ ਪਾਸੇ ਸੂਬੇ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਸਿਹਤ ਲਈ ਵੱਖ-ਵੱਖ ਢੰਗਾਂ ਦੇ ਨਾਲ ਕੰਮ ਕਰ ਰਹੀ ਹੈ, ਜਿਸ ਵਿੱਚ ਮੋਹੱਲਾ ਕਲੀਨਿਕ ਵੱਡੇ ਪੱਧਰ ਉੱਤੇ ਖੋਲ੍ਹੇ ਗਏ ਤਾਂ ਜੋ ਆਮ ਜਨਤਾ ਨੂੰ ਸਿਹਤ ਦੀ ਸਹੂਲਤ ਮਿਲ ਸਕੇ। ਦੂਜੇ ਪਾਸੇ ਜੇਕਰ ਸੂਬੇ ਦੇ ਸਰਕਾਰੀ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਸਪਤਾਲਾਂ ਦੀ ਹਾਲਤ ਹੁਣ ਵੀ ਮਾੜੀ ਹੈ।
ਮਰੀਜ਼ ਹੋਏ ਡਾਢੇ ਪਰੇਸ਼ਾਨ: ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀਂ ਦੇਰ ਰਾਤ ਲਾਈਟ ਜਾਣ ਤੋਂ ਬਾਅਦ ਜਨਰੇਟਰ ਦੇ ਪ੍ਰਬੰਧ ਨਹੀਂ ਸਨ। ਜਿਸ ਕਰਕੇ ਕਈ ਘੰਟੇ ਮਰੀਜ਼ਾਂ ਨੂੰ ਖੱਜਲ ਹੋਣਾ ਪਿਆ। ਇਸ ਦੇ ਨਾਲ ਹੀ ਬੱਚਿਆਂ ਦੇ ਜਨਮ ਤੋਂ ਬਾਅਦ ਜਿੱਥੇ ਉਨ੍ਹਾਂ ਨੂੰ ਰੱਖਿਆ ਜਾਂਦਾ ਹੈ ਉੱਥੇ ਵੀ ਲਾਈਟ ਨਾ ਹੋਣ ਕਰ ਕੇ ਮਰੀਜ਼ਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮਰੀਜ਼ਾਂ ਦੇ ਨਾਲ ਆਏ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਸਪਤਾਲ ਵਿੱਚ ਦੇਰ ਰਾਤ ਲਾਈਟ ਜਾਣ ਤੋਂ ਬਾਅਦ ਜਨਰੇਟਰ ਚੱਲ ਹੀ ਨਹੀਂ ਸਕਿਆ। ਜਿਸ ਕਰਕੇ ਮਰੀਜ਼ਾਂ ਨੂੰ ਦੂਜੇ ਵਾਰਡ ਵਿੱਚ ਸ਼ਿਫਟ ਕਰਨਾ ਪਿਆ। ਇਸ ਕਰਕੇ ਮਰੀਜ਼ਾਂ ਨੂੰ ਬਹੁਤ ਪ੍ਰੇਸ਼ਾਨੀ ਆਈ ਕਿਉਂਕਿ ਬੱਚਾ ਹੋਣ ਤੋ ਬਾਅਦ ਮਰੀਜ਼ ਨੂੰ ਹਿਲਾਈਆਂ ਵੀ ਨਹੀਂ ਜਾ ਸਕਦਾ ਅਤੇ ਉਸ ਨੂੰ ਆਰਾਮ ਦੀ ਬਹੁਤ ਜ਼ਰੂਰਤ ਹੁੰਦੀ ਹੈ, ਪਰ ਬਿਜਲਾ ਨਾ ਆਣ ਕਰਕੇ ਮਰੀਜ਼ਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਮਰੀਜ਼ਾਂ ਨੇ ਦੱਸਿਆ ਕਿ ਇਸ ਪ੍ਰੇਸ਼ਾਨੀ ਕਾਰਣ ਜਾਨੀ ਨੁਕਸਾਨ ਵੀ ਹੋ ਸਕਦਾ ਸੀ।
ਐੱਸਐੱਮਓ ਨੇ ਮਾਮਲੇ ਉੱਤੇ ਦਿੱਤੀ ਸਫ਼ਾਈ: ਦੂਜੇ ਪਾਸੇ ਸਰਕਾਰੀ ਹਸਪਤਾਲ ਦੇ ਐਸਐਮਓ ਡਾਕਟਰ ਕਿਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਰ ਰਾਤ ਆਈ ਹਨੇਰੀ ਕਾਰਨ ਕੁਝ ਸਮੇਂ ਦੇ ਲਈ ਲਾਈਟ ਚਲੀ ਗਈ ਸੀ। ਜਿਸ ਕਰਕੇ ਥੋੜ੍ਹੇ ਸਮੇਂ ਲਈ ਪ੍ਰੇਸ਼ਾਨੀ ਹੋਈ ਪਰ ਹੁਣ ਹਰ ਤਰ੍ਹਾਂ ਦੀ ਪ੍ਰੇਸ਼ਾਨੀ ਨੂੰ ਠੀਕ ਕਰ ਲਿਆ ਗਿਆ ਹੈ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀ ਕਮੀ ਦੇਖਣ ਨੂੰ ਨਹੀਂ ਮਿਲੇਗੀ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿੱਥੇ ਇੱਕ ਪਾਸੇ ਮੁਹੱਲਾ ਕਲੀਨਿਕ ਖੜ੍ਹੇ ਕੀਤੇ ਜਾ ਰਹੇ ਹਨ ਉੱਥੇ ਹੀ ਸਰਕਾਰੀ ਹਸਪਤਾਲਾਂ ਦੇ ਮੰਦੜੇ ਹਾਲ ਵੱਲ ਵੀ ਧਿਆਨ ਦਿੱਤਾ ਜਾਵੇ।