ਸੰਗਰੂਰ: ਭਵਾਨੀਗੜ੍ਹ ਵਿੱਚ ਪਿਛਲੇ 3 ਦਿਨਾਂ ਤੋਂ ਇਲਾਕੇ ਦੇ ਗਰੀਬ ਵਰਗ ਦੇ ਲੋਕ ਜਿਨ੍ਹਾਂ ਦੇ ਨੀਲੇ ਕਾਰਡ ਸਰਕਾਰ ਨੇ ਕੱਟ ਦਿੱਤੇ ਹਨ, ਉਹ ਕਾਫ਼ੀ ਪਰੇਸ਼ਾਨੀ ਵਿੱਚ ਹਨ। ਇਸ ਰਾਸ਼ਨ ਕਾਰਡ ਉੱਤੇ ਗਰੀਬ ਵਰਗ ਨੂੰ ਸਸਤਾ ਰਾਸ਼ਨ ਸਰਕਾਰ ਦੇ ਵੱਲੋਂ ਮਿਲਦਾ ਸੀ। ਇਹ ਲੋਕ ਪਿਛਲੇ 3 ਦਿਨਾਂ ਤੋਂ ਫੂਡ ਸਪਲਾਈ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ ਤੇ ਇਨ੍ਹਾਂ ਵਿਚੋਂ 3 ਲੋਕ ਮਰਨ ਵਰਤ ਉੱਤੇ ਬੈਠੇ ਹੋਏ ਹਨ।
ਉਨ੍ਹਾਂ ਨੂੰ ਜਦੋਂ ਪਤਾ ਲੱਗਾ ਕਿ ਪ੍ਰਸ਼ਾਸਨ ਅਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਨ੍ਹਾਂ ਦੀ ਗੱਲ ਨਹੀਂ ਸੁਣ ਰਿਹਾ ਤਾਂ ਅੱਜ ਗੁੱਸੇ ਵਿੱਚ ਆ ਕੇ ਇਨ੍ਹਾਂ ਵਿਚੋਂ 9 ਲੋਕ ਪਾਣੀ ਦੀ ਟੈਂਕੀ ਉੱਤੇ ਹੱਥ ਵਿੱਚ ਪੈਟਰੋਲ ਦੀਆਂ ਬੋਤਲਾਂ ਤੇ ਮਾਚਿਸ ਲੈ ਕੇ ਚੜ੍ਹ ਗਏ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੇ ਨੀਲੇ ਕਾਰਡ ਬਹਾਲ ਨਹੀਂ ਕੀਤੇ ਗਏ ਤਾਂ ਇਹ ਪਾਣੀ ਦੀ ਟੈਂਕੀ ਉੱਤੋਂ ਛਾਲ ਮਾਰ ਦੇਣਗੇ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਉਹ ਪਿੱਛੇ ਨਹੀਂ ਹਟਣਗੇ। ਦੂਜੇ ਪਾਸੇ ਵਿਭਾਗ ਦੇ 9 ਕਰਮਚਾਰੀ ਜਿਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਦਫਤਰ ਵਿੱਚ ਹੀ ਬਾਹਰ ਵਲੋਂ ਤਾਲਾ ਲਗਾ ਦਿੱਤਾ ਹੈ ਅਤੇ ਉਹ ਲੋਕ ਦਫਤਰ ਦੇ ਅੰਦਰ ਬੰਦ ਹਨ।