ਸੰਗਰੂਰ: ਆਪਣੇ ਹਲਕੇ ਦਾ ਦੌਰਾ ਕਰਨ ਪਹੁੰਚੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਵਿੱਚ ਪੰਜਾਬ ਸਰਕਾਰ 'ਤੇ ਜੰਮ ਕੇ ਨਿਸ਼ਾਨੇ ਸਾਧੇ। ਚੀਮਾਂ ਹੁਰਾਂ ਨੇ ਵੱਖ-ਵੱਖ ਮੁੱਦਿਆਂ 'ਤੇ ਕੈਪਟਨ ਸਰਕਾਰ ਸਮੇਤ ਅਕਾਲੀ ਦਲ ਨੂੰ ਵੀ ਰਗੜੇ ਲਾਏ ਹਨ। ਇਸ ਮੌਕੇ ਉਨ੍ਹਾਂ ਕੋਰੋਨਾ ਟੈਸਟ ਕਰਵਾਉਣ ਤੋਂ ਨਾਂਹ ਕਰਨ 'ਤੇ ਦਿੜ੍ਹਬਾ 'ਚ ਹੋਏ ਹੰਗਾਮੇ ਬਾਰੇ ਵੀ ਟਿੱਪਣੀ ਕੀਤੀ।
ਚੀਮਾ ਨੇ ਕਿਹਾ ਕਿ ਕੋਰੋਨਾ ਦੌਰ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਕਾਮ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕੋਰੋਨਾ ਮਰੀਜ਼ਾਂ ਦੇ ਇਲਾਜ ਪ੍ਰਬੰਧ ਪੂਰੀ ਤਰ੍ਹਾਂ ਫੇਲ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਇਸ ਤਰ੍ਹਾਂ ਲੱਗਣ ਲੱਗ ਗਿਆ ਹੈ ਕਿ ਜੇਕਰ ਉਨ੍ਹਾਂ ਦਾ ਮਰੀਜ਼ ਹਸਪਤਾਲ ਗਿਆ ਤਾਂ ਉੱਥੋਂ ਉਸ ਦੀ ਲੋਥ ਹੀ ਵਾਪਸ ਆਵੇਗੀ। ਉਨ੍ਹਾਂ ਕਿਹਾ ਇਸ ਦਾ ਕਾਰਨ ਪੰਜਾਬ ਸਰਕਾਰ ਦੀਆਂ ਸਿਹਤ ਸਹੂਲਤਾਂ ਦਾ ਫੇਲ ਹੋਣਾ ਹੈ।
ਇਸ ਮੌਕੇ ਉਨ੍ਹਾਂ ਕਿਸਾਨ ਆਰਡੀਨੈਂਸਾਂ ਬਾਰੇ ਕਿਹਾ ਕਿ ਇਸ ਮੁੱਦੇ 'ਤੇ ਸਾਰਾ ਪੰਜਾਬ ਵਿਰੋਧ ਕਰ ਰਿਹਾ ਹੈ ਪਰ ਆਕਲੀ ਦਲ ਹੀ ਇੱਕ ਬੀਬੀ ਬਾਦਲ ਦੀ ਕੁਰਸੀ ਪਿੱਛੇ ਪੰਜਾਬ ਨਾਲ ਧੋਖਾ ਕਰ ਰਿਹਾ ਹੈ। ਉਨ੍ਹਾਂ ਕਿਹਾ ਇਹ ਆਰਡੀਨੈਂਸ ਪੰਜਾਬ ਦੇ ਕਿਸਾਨਾਂ, ਆੜਤੀਆਂ ਅਤੇ ਲੋਕਾਂ ਨੂੰ ਬਰਬਾਦ ਕਰ ਦੇਣਗੇ।
ਪੰਜਾਬ ਵਿਧਾਨ ਸਭਾ ਦੇ ਇੱਕ ਦਿਨਾ ਇਜਲਾਸ ਬਾਰੇ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੇ ਘਪਲਿਆਂ ਨੂੰ ਲਕਾਉਣ ਲਈ ਇਸ ਤਰ੍ਹਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਦਿਨਾ ਇਜਲਾਸ ਵਿੱਚ ਵਿਧਾਇਕ ਆਪਣੇ ਹਲਕਿਆਂ ਦੇ ਮੁੱਦੇ ਕਿਵੇਂ ਚੁੱਕਣਗਏ।