ਸੰਗਰੂਰ: ਕੋਰੋਨਾ ਮਹਾਂਮਾਰੀ ਮੌਕੇ ਸੂਬੇ ਵਿੱਚ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਸਾਬਕਾ ਵਿੱਤ ਮੰਤਰੀ ਅਤੇ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਜਿਹੀ ਔਖੀ ਘੜੀ ਵਿੱਚ ਜਦੋਂ ਲੋਕਾਂ ਨੂੰ ਸਰਕਾਰ ਦੀ ਲੋੜ ਹੁੰਦੀ ਹੈ, ਉਦੋਂ ਸੂਬੇ ਵਿੱਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਦਿਖੀ।
ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸਰਕਾਰ ਨੇ ਤਿੰਨ ਮਹੀਨਿਆਂ ਵਿੱਚ ਕੋਈ ਅਜਿਹਾ ਕਦਮ ਨਹੀਂ ਚੁੱਕਿਆ, ਜਿਸ ਨਾਲ ਲੋਕਾਂ ਨੂੰ ਇਸ ਬਿਮਾਰੀ ਨਾਲ ਜੂਝਣ ਲਈ ਕੋਈ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ 'ਤੇ ਲੱਗੀ ਹੋਈ ਹੈ, ਕਰੋੜਾ ਰੁਪਏ ਇਸ਼ਤਿਹਾਰਬਾਜ਼ੀ 'ਤੇ ਖਰਚ ਦਿੱਤਾ ਹੈ।
ਇਸ ਦੇ ਨਾਲ ਹੀ ਪਰਮਿੰਦਰ ਢੀਂਡਸਾ ਨੇ ਸਿੱਖਿਆ ਲਈ ਬਣਾਈਆਂ ਨੀਤੀਆਂ ਨੂੰ ਫੇਲ੍ਹ ਦੱਸਦਿਆਂ ਕਿਹਾ ਕਿ ਬੱਚੇ ਇੱਕ ਪਾਸੇ ਹੀ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਐਜੂਕੇਸ਼ਨ ਲਈ ਬਦਲਵੀ ਨੀਤੀ ਬਣਾਉਣ ਦੀ ਤਾਂਕਿ ਰੁਜ਼ਗਾਰ ਦੇ ਨਵੇਂ ਸਾਧਨ ਪੈਦਾ ਹੋ ਸਕਣ।
ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂਅ 'ਤੇ ਪਾਸ ਕੀਤੇ ਨਵੇਂ ਆਰਡੀਨੈਂਸਾਂ ਦੀ ਅਕਾਲੀ ਦਲ ਵੱਲੋਂ ਵਕਾਲਤ ਕਰਨ 'ਤੇ ਢੀਂਡਸਾ ਨੇ ਕਿਹਾ ਕਿ ਇਸ ਤੋਂ ਵੱਡਾ ਧੋਖਾ ਪੰਜਾਬ ਦੀ ਕਿਸਾਨੀ ਨਾਲ ਨਹੀਂ ਹੋ ਸਕਦਾ ਹੈ। ਢੀਂਡਸਾ ਨੇ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਨੇ ਘੱਟੋ-ਘੱਟ ਸਮਰਥਨ ਮੁੱਲ ਨੂੰ ਖ਼ਤਮ ਕਰਨ ਦਾ ਰਾਹ ਖੋਲ੍ਹਿਆ ਹੈ।
ਇਹ ਵੀ ਪੜੋ:ਪੰਜਾਬ ਮੰਤਰੀ ਮੰਡਲ ਦੀ ਬੈਠਕ ਹੋਈ ਮੁਲਤਵੀ
ਉੱਥੇ ਹੀ ਪਰਮਿੰਦਰ ਢੀਂਡਸਾ ਨੇ ਨਵੇਂ ਫਰੰਟ ਬਣਾਉਣ ਬਾਰੇ ਕਿਹਾ ਕਿ ਜਿਹੜੇ ਲੋਕ ਪੰਜਾਬ ਦੇ ਭਲੇ ਲਈ ਬਿਨ੍ਹਾਂ ਸੁਆਰਥ ਅਤੇ ਬਿਨ੍ਹਾਂ ਲਾਲਚ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ, ਉਹ ਇਸ ਫਰੰਟ ਵਿੱਚ ਆਉਣ ਅਤੇ ਪੰਜਾਬ ਦੀ ਸੇਵਾ ਕਰਨ।