ਸੰਗਰੂਰ: ਅਮਰਗੜ੍ਹ ਅਧੀਨ ਪੈਂਦੇ ਪਿੰਡ ਸਰਵਰਪੁਰ ਦੇ ਇੱਕ ਨੌਜਵਾਨ ਨੂੰ ਨਗਨ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਪੀੜਤ ਨੌਜਵਾਨ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਸੱਤ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਦੇ ਰੋਸ 'ਚ ਦੂਜੀ ਧਿਰ ਨੇ ਕੁੱਝ ਜਥੇਬੰਦੀਆਂ ਨੂੰ ਨਾਲ ਲੈ ਕੇ ਥਾਣਾ ਅਮਰਗੜ੍ਹ ਅੱਗੇ ਨਾਭਾ ਮਲੇਰਕੋਟਲਾ ਰੋਡ ਜਾਮ ਕਰਕੇ ਗ੍ਰਿਫ਼ਤਾਰ ਕੀਤੀ ਬਜ਼ੁਰਗ ਮਹਿਲਾ ਰਣਜੀਤ ਕੌਰ ਨੂੰ ਰਿਹਾਅ ਕਰਨ ਅਤੇ ਕਰਾਸ ਪਰਚਾ ਕਰਨ ਦੀ ਮੰਗ ਕੀਤੀ ਸੀ। ਡੀਐਸਪੀ ਸਬ-ਡਿਵੀਜ਼ਨ ਅਹਿਮਦਗੜ੍ਹ ਰਾਜਨ ਸ਼ਰਮਾ ਵੱਲੋਂ ਆਪ ਜਾਂਚ ਕਰਨ ਦਾ ਭਰੋਸਾ ਦਿਵਾਉਣ ਉਪਰੰਤ ਧਰਨਾ ਮੁਲਤਵੀ ਕੀਤਾ ਗਿਆ ਸੀ।
ਦੂਜੇ ਪਾਸੇ ਸਵੇਰੇ ਹੀ ਪੀੜਤ ਨੌਜਵਾਨ ਆਪਣੀ ਮਾਂ ਨੂੰ ਲੈ ਕੇ ਪਿੰਡ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਿਆ। ਪੀੜਤ ਨੌਜਵਾਨ ਨੇ ਨਗਨ ਕਰਕੇ ਕੁੱਟਣ ਵਾਲੇ ਵਿਅਕਤੀਆਂ ਖ਼ਿਲਾਫ਼ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਆਤਮਹੱਤਿਆ ਕਰਨ ਦਾ ਰੌਲਾ ਪਾਉਣ ਲੱਗਾ, ਜਿਸ ਦੌਰਾਨ ਮੌਕੇ 'ਤੇ ਪਹੁੰਚੀ ਅਮਰਗੜ੍ਹ ਪੁਲਿਸ ਅਤੇ ਪਿੰਡ ਦੀ ਪੰਚਾਇਤ ਵੱਲੋਂ ਉਨ੍ਹਾਂ ਨੂੰ ਟੈਂਕੀ ਤੋਂ ਹੇਠਾਂ ਉਤਾਰ ਇਨਸਾਫ਼ ਦਾ ਭਰੋਸਾ ਦਿੱਤਾ ਗਿਆ।
ਉਧਰ ਦੂਜੀ ਧਿਰ ਨੇ ਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਾਤਾ ਰਣਜੀਤ ਕੌਰ ਨੂੰ ਰਿਹਾਅ ਕਰਨ ਸਮੇਤ ਆਪਣੀਆਂ ਕਈ ਮੰਗਾਂ ਨੂੰ ਲੈ ਕੇ ਡੀਐਸਪੀ ਦਫ਼ਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮੌਕੇ 'ਤੇ ਪਹੁੰਚੇ ਐੱਸਪੀ ਅਮਨਦੀਪ ਸਿੰਘ ਬਰਾੜ ਵੱਲੋਂ ਪੁਲਿਸ ਦੇ ਤਿੰਨ ਸੀਨੀਅਰ ਅਧਿਕਾਰੀਆਂ ਦੇ ਆਧਾਰਿਤ 'ਸਿੱਟ' ਕਾਇਮ ਕਰਕੇ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਦਾ ਭਰੋਸਾ ਦਿਵਾਉਣ ਉਪਰੰਤ ਧਰਨਾਕਾਰੀਆਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ।