ਸੰਗਰੂਰ: ਪੰਜਾਬ ਵਿੱਚ ਨੌਜਵਾਨ ਨਸ਼ੇ ਕਾਰਨ ਆਪਣੇ ਭਵਿੱਖ ਨੂੰ ਖ਼ਰਾਬ ਕਰ ਰਹੀ ਹੈ। ਅਜਿਹੇ ਵਿੱਚ ਕਈ ਵਾਰ ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਵਾਲੇ ਵੀ ਇਹਨਾਂ ਤੋਂ ਕਿਨਾਰਾ ਕਰ ਲੈਂਦੇ ਹਨ, ਜਿਸ ਨਾਲ ਉਹ ਸੁਧਰਨ ਦੀ ਬਜਾਏ, ਨਸ਼ੇ ਦੀ ਇਸ ਦਲਦਲ ਵਿੱਚ ਹੋਰ ਧਸ ਜਾਂਦੇ ਹਨ। ਦੂਜੇ ਪਾਸੇ, ਪੁਲਿਸ ਪ੍ਰਸ਼ਾਸਨ ਵੱਲੋਂ ਵੀ ਨਸ਼ੇ ਨੂੰ ਖ਼ਤਮ ਕਰਨ ਦੀ ਮੁੰਹਿਮ ਤਹਿਤ ਲੋਕਾਂ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਕੀਤਾ ਜਾ ਸਕੇ। ਇਸੇ ਮੁੰਹਿਮ ਤਹਿਤ ਮੀਟਿੰਗ (Drug Re-Addiction) ਕਰਦੇ ਹੋਏ ਇੱਕ ਅਜਿਹੀ ਮਾਂ ਨੇ ਅਪਣੇ ਪੁੱਤ ਦੀ ਕਹਾਣੀ ਦੱਸੀ, ਜੋ ਸ਼ਾਇਦ ਨਸ਼ੇ ਕਰਦੇ ਨੌਜਵਾਨਾਂ ਤੇ ਉਨ੍ਹਾਂ ਦੇ ਪਰਿਵਾਰ ਲਈ ਪ੍ਰੇਰਨਾਦਾਇਕ ਸਾਬਿਤ ਹੋਵੇਗੀ।
ਦੱਸ ਦਈਏ ਕਿ ਬਹੁਤ ਸਾਰੇ ਪਰਿਵਾਰ ਆਪਣੇ ਨੌਜਵਾਨ ਪੁੱਤ ਨੂੰ ਨਸ਼ੇ ਵਿੱਚ ਦੇਖ ਉਸ ਨੂੰ ਸਮਾਜ ਤੋਂ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਸਮਾਜ ਦੇ ਤਾਅਨਿਆਂ ਦੇ ਡਰੋਂ ਉਹ ਕਈ ਵਾਰ ਆਪਣੇ ਹੀ ਜੀਅ ਤੋਂ ਕਿਨਾਰਾ ਵੀ ਕਰ ਲੈਂਦੇ ਹਨ, ਤਾਂ ਉੱਥੇ ਹੀ ਇੱਕ ਮਾਮਲਾ ਸੰਗਰੂਰ ਦੇ ਪਿੰਡ ਲਿੱਧੜਾਂ ਤੋਂ ਸਾਹਮਣੇ ਆਇਆ ਹੈ। ਜਿੱਥੇ ਮਾਤਾ ਦਰਸ਼ਨ ਕੌਰ ਦਾ ਪੁੱਤਰ ਚਿੱਟੇ ਦਾ ਆਦਿ ਹੋ ਗਿਆ ਸੀ ਤੇ ਬੜੇ ਲੰਬੇ ਸਮੇਂ ਤੋਂ ਨਸ਼ੇ ਦੀ ਦਲ-ਦਲ ਵਿੱਚ ਫਸਿਆ ਹੋਇਆ ਸੀ, ਜਿਸ ਕਾਰਨ ਘਰ ਵਿੱਚ ਹਰ ਵੇਲੇ ਕਲੇਸ਼ ਰਹਿੰਦਾ ਸੀ। ਇਸ ਦੇ ਨਾਲ ਹੀ ਪੁੱਤ ਦਾ ਵਿਆਹੁਤਾ ਜੀਵਨ ਵੀ ਖ਼ਤਰੇ ਵਿੱਚ ਪੈ ਰਿਹਾ ਸੀ। ਫਿਰ ਮਾਂ ਨੇ ਪੁੱਤ ਨੂੰ ਨਸ਼ੇ ਦੀ ਦਲ-ਦਲ ਵਿੱਚੋਂ ਬਾਹਰ ਕੱਢਣ ਦਾ ਤਰੀਕਾ ਲੱਭਿਆ। ਮਾਂ ਨੇ ਆਪਣੇ ਪੁੱਤ ਨੂੰ ਨਸ਼ੇ ਤੋਂ ਦੂਰ ਕਰਨ ਲਈ ਉਸ ਨਾਲ ਮਾੜਾ ਵਿਵਹਾਰ ਨਹੀਂ ਕੀਤਾ, ਉਸ ਨੂੰ ਆਪਣੇ ਕੋਲ ਰੱਖਿਆ ਅਤੇ ਨਸ਼ੇ ਤੋਂ ਦੂਰ ਹੋਣ ਲਈ ਪ੍ਰੇਰਿਤ ਕੀਤਾ। ਅੱਜ ਉਸ ਦਾ ਪੁੱਤ ਨਸ਼ੇ ਨੂੰ (Drug Re Addiction Center) ਹੱਥ ਨਹੀਂ ਲਗਾਉਂਦਾ, ਸਗੋਂ ਚੰਗੇ ਕੰਮ ਕਾਰ ਕਰਕੇ ਪਰਿਵਾਰ ਪਾਲ ਰਿਹਾ ਹੈ।
ਪੁੱਤ ਦੀ ਨਸ਼ੇ ਦੀ ਲਤ ਨੂੰ ਇੰਝ ਹਟਾਇਆ: ਸਾਰੀ ਕਹਾਣੀ ਨੂੰ ਸਾਂਝਾ ਕਰਦੇ ਹੋਏ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਜਦੋਂ ਦਰਸ਼ਨ ਕੌਰ ਦਾ ਪੁੱਤ ਨਸ਼ਾ ਕਰਦਾ ਸੀ ਤਾਂ ਉਹ ਸਮਾਂ ਪਰਿਵਾਰ ਲਈ ਬਹੁਤ ਹੀ ਜਿਆਦਾ ਖ਼ਰਾਬ ਸੀ, ਪਰ ਮਾਤਾ ਦਰਸ਼ਨ ਕੌਰ ਨੇ ਹਾਰ ਨਹੀਂ ਮੰਨੀ ਤੇ ਅੱਜ ਉਸ ਦਾ ਪੁੱਤ ਨਸ਼ਾ ਤਿਆਗ ਗਿਆ ਹੈ। ਦਰਸ਼ਨ ਕੌਰ ਨੇ ਬਾਕੀ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਪਿਆਰ ਨਾਲ ਹਰ ਅਸੰਭਵ ਕੰਮ ਨੂੰ ਸੰਭਵ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਬੱਚਾ ਨਸ਼ਾ ਕਰਦਾ ਹੈ, ਤਾਂ ਉਸ ਨੂੰ ਲੁਕਾਉਣਾ ਨਹੀਂ ਚਾਹੀਦਾ। ਬਲਕਿ ਸਮਾਜ ਵਿੱਚ ਦੱਸਣਾ ਚਾਹੀਦਾ ਹੈ, ਤਾਂ ਜੋ ਬਾਕੀ ਲੋਕ ਵੀ ਉਸ ਦੀ ਮਦਦ ਕਰ ਸਕਣ। ਕਿਉਂਕਿ, ਉਸ ਨੇ ਪੂਰੇ ਪਿੰਡ ਵਿੱਚ ਇਹ ਕਹਿ ਦਿੱਤਾ ਸੀ ਕਿ ਉਸ ਦੇ ਪੁੱਤ ਨੂੰ ਨਸ਼ੇ ਦੀ ਲਤ ਲੱਗ ਗਈ ਹੈ। ਨਾਲ ਹੀ ਪਿੰਡਵਾਸੀਆਂ ਤੇ ਰਿਸ਼ਤੇਦਾਰਾਂ ਨੂੰ ਵੀ ਕਿਹਾ, ਜੇਕਰ ਪੁੱਤ ਨਸ਼ਾ ਕਰਦੇ ਹੋਏ ਕਿਤੇ ਦਿਖਾਈ ਦੇਵੇ, ਤਾਂ ਉਸ ਨੂੰ ਜ਼ਰੂਰ ਦੱਸਣ। ਫਿਰ ਇੰਝ ਕਰਦੇ ਹੋਏ, ਉਸ ਨੇ ਖੁੱਦ, ਪਤਨੀ ਤੇ ਬੱਚਿਆਂ ਨਾਲ ਮਿਲ ਕੇ ਪੁੱਤ ਨੂੰ ਪ੍ਰੇਰਿਤ ਕੀਤਾ ਅਤੇ ਨਸ਼ੇ ਤੋਂ ਦੂਰ ਕੀਤਾ।
ਉਨ੍ਹਾਂ ਕਿਹਾ ਕਿ ਹੁਣ ਉਸ ਦਾ ਪੁੱਤ ਖੇਤੀ ਦੇ ਨਾਲ-ਨਾਲ ਹੋਰ ਕੰਮ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੇ ਤਰੀਕੇ ਨਾਲ ਕਰ ਰਿਹਾ ਹੈ। ਐਸਐਸਪੀ ਨੇ ਕਿਹਾ ਕਿ ਇਸ ਮਾਂ ਕੋਲੋਂ ਹੋਰਨਾਂ ਪਰਿਵਾਰਾਂ ਨੂੰ ਵੀ ਸੇਧ ਲੈਣ ਦੀ ਲੋੜ ਹੈ, ਤਾਂ ਜੋ ਅਪਣੇ ਬੱਚੇ ਦੀ ਜ਼ਿੰਦਗੀ ਨੂੰ ਲੀਹ ਉੱਤੇ ਲਿਆਂਦਾ ਜਾ ਸਕੇ।
ਬੱਚੇ ਦਾ ਪੂਰਾ ਸਹਿਯੋਗ ਕਰੋ, ਪ੍ਰੇਰਿਤ ਕਰੋ: ਸੰਗਰੂਰ ਦੇ ਐਸਐਸਪੀ ਸੁਰਿੰਦਰ ਲਾਂਭਾ ਨੇ ਮਾਤਾ ਦਰਸ਼ਨ ਕੌਰ ਨੂੰ ਬੁਲਾਇਆ ਅਤੇ ਪ੍ਰਸ਼ੰਸਾ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਜਾਣਕਾਰੀ ਇਸ ਕਾਰਨ ਸਾਂਝੀ ਕੀਤੀ ਹੈ ਤਾਂ ਕਿ ਸਮਾਜ ਵਿੱਚ ਪਰਿਵਾਰ ਆਪਣੇ ਬੱਚਿਆਂ ਦਾ ਧਿਆਨ ਰੱਖ ਸਕਣ ਅਤੇ ਜੇਕਰ ਉਨ੍ਹਾਂ ਦਾ ਬੱਚਾ ਨਸ਼ਾ ਕਰਦਾ ਹੈ, ਤਾਂ ਉਸ ਨੂੰ ਹਟਾਉਣ ਲਈ ਸਭ ਤੋਂ ਪਹਿਲਾਂ ਉਹ ਖੁਦ ਕੋਸ਼ਿਸ਼ ਕਰਨ ਤੇ ਫਿਰ ਨਸ਼ਾ ਛੁਡਾਓ ਕੇਂਦਰ ਦਾ ਸਹਿਯੋਗ ਲੈਣ।