ਮਲੇਰਕੋਟਲਾ: ਸ਼ਹਿਰ ਦੀ ਇੱਕ ਨਿੱਜੀ ਮਿੱਲ ਵਿੱਚ ਪਿਛਲੇ ਕਾਫੀ ਸਮੇਂ ਤੋਂ ਉੱਥੇ ਕੰਮ ਕਰ ਰਹੇ ਪਰਵਾਸੀ ਮਜ਼ਦੂਰ ਆਪਣਾ ਕੰਮ ਕਾਰ ਬੰਦ ਕਰਕੇ ਮਿੱਲ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਹਾਲਾਂਕਿ ਸੋਮਵਾਰ ਦੇਰ ਰਾਤ ਇੱਕ ਘਟਨਾ ਵੀ ਵਾਪਰੀ ਜਿਸ ਵਿੱਚ ਪੁਲਿਸ ਅਤੇ ਪਰਵਾਸੀ ਮਜ਼ਦੂਰ ਭਿੜ ਗਏ ਅਤੇ ਮਲੇਰਕੋਟਲਾ ਦੇ ਐਸਡੀਐਮ, ਡੀਐਸਪੀ ਤੇ ਇੱਕ ਏਐਸਆਈ ਜ਼ਖ਼ਮੀ ਹੋ ਗਏ ਸਨ।
ਇਸ ਮਾਮਲੇ ਨੂੰ ਲੈ ਕੇ ਅੱਜ ਚੌਥਾ ਦਿਨ ਹੋ ਚੁੱਕਿਆ ਹੈ ਤੇ ਹਾਲੇ ਤੱਕ ਇਹ ਮਾਮਲਾ ਸੁਲਝਾਇਆ ਨਹੀਂ ਜਾ ਸਕਿਆ। ਇਸ ਨੂੰ ਲੈ ਕੇ ਮਿੱਲ ਦੇ ਬਾਹਰ ਖੜ੍ਹੇ ਕੁਝ ਪਰਵਾਸੀ ਮਜ਼ਦੂਰਾਂ ਨਾਲ ਜਦੋਂ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਗੰਭੀਰ ਦੋਸ਼ ਲਗਾਏ ਕਿ ਉਨ੍ਹਾਂ ਨੂੰ ਡੇਢ ਮਹੀਨੇ ਤੋਂ ਇਸ ਮਿੱਲ ਤੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਅਤੇ ਜੋ ਸਾਮਾਨ ਉਨ੍ਹਾਂ ਨੂੰ ਅੰਦਰੋਂ ਮਿਲਿਆ ਉਹ ਬਹੁਤ ਮਹਿੰਗਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਦੇ ਵਿਚ ਇਲਾਜ ਕਰਵਾਉਣ ਲਈ ਨਹੀਂ ਭੇਜਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਕਈ ਸਾਥੀ ਝਗੜੇ ਵਿੱਚ ਜ਼ਖ਼ਮੀ ਹੋਏ ਹਨ ਜਿਸ ਕਰਕੇ ਉਨ੍ਹਾਂ ਦਾ ਇਲਾਜ ਨਹੀਂ ਹੋ ਸਕਿਆ। ਮਿੱਲ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਹੈ ਅਤੇ ਮੀਡੀਆ ਨੂੰ ਅੰਦਰ ਜਾਣ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਦਿੱਤੀ ਗਈ।